ਦਰਾਮਨ (ਨਾਰਵੇ) 29 ਅਕਤੂਬਰ (ਰੁਪਿੰਦਰ ਢਿੱਲੋਂ ਮੋਗਾ) - ਬਲਦੇਵ ਸਿੰਘ ਬੁੱਧ ਸਿੰਘ ਵਾਲਾ ਜੋ ਵਰਤਮਾਨ ਸਮੇਂ ਹਾਂਗਕਾਂਗ ਦੇ ਨਿਵਾਸੀ ਹਨ, ਪਹਿਲਾਂ ਵੀ ਪਾਠਕਾਂ ਦੀ ਕਚਹਿਰੀ ਵਿੱਚ ਸਮਾਜ ਵਿੱਚ ਵਿਚਰਦੀਆਂ ਘਟਨਾਵਾਂ 'ਤੇ ਆਧਾਰਿਤ ਕਈ ਕਹਾਣੀਆਂ ਅਰਪਣ ਕਰ ਚੁੱਕੇ ਹਨ। ਬਲਦੇਵ ਸਿੰਘ ਵੱਲੋਂ ਪੰਜਾਬੀ ਸਾਹਿਤ ਦੇ ਪਾਠਕਾਂ ਲਈ ਪੂਰਨ ਦਾ ਬਾਗ ਨਾਵਲ ਲਾਹੌਰ ਪਬਲਿਸ਼ਰਸ ਵੱਲੋਂ ਪ੍ਰਕਾਸ਼ਿਤ ਮਾਰਕਿਟ ਵਿੱਚ ਆ ਚੁੱਕਿਆ ਹੈ। ਦੋ ਜੰਗਾਂ ਲੜ੍ਹ ਚੁੱਕੇ ਫੌਜੀ ਦੀ ਜਿੰਦਗੀ 'ਤੇ ਆਧਾਰਿਤ ਇਸ ਨਾਵਲ 'ਚ ਇਕ ਨੌਜਵਾਨ ਜੋ ਫੌਜ 'ਚ ਭਰਤੀ ਹੋ ਦੇਸ਼ ਲਈ ਲੜ੍ਹਦਾ ਅਤੇ ਫਿਰ ਇੱਕ ਅਭਿਆਸ ਦੌਰਾਨ ਸਾਥੀ ਨੂੰ ਗੋਲੀ ਲੱਗਣ ਕਾਰਨ ਫੌਜ ਨਿਕਾਲਾ, ਪਿੰਡ ਵਾਪਸੀ, ਖੇਤੀਬਾੜੀ ਤੇ ਨਿਰਭਰ ਹੋਣਾ ਅਤੇ ਆਖਿਰ 'ਚ ਪਰਿਵਾਰ ਦੇ ਗੁਜਾਰੇ ਲਈ ਕੱਚੇ ਵੀਜੇ 'ਤੇ ਬਾਹਰ ਆ ਰਿਸ਼ਤੇਦਾਰਾਂ ਦੇ ਹੁੰਦਿਆਂ ਹੋਏ ਵੀ ਕਈ ਮੁਸੀਬਤਾਂ ਦਾ ਸਾਹਮਣਾ ਕਰਦਾ ਹੈ। ਜੋ ਵਿਦੇਸ਼ਾਂ ਵਿੱਚ ਕੱਚੇ ਪੰਜਾਬੀਆਂ ਦੀ ਦਸ਼ਾ ਹਾਲਾਤ ਨਾਲ ਮੇਲ ਖਾਂਦੀ ਦਾਸਤਾਨ ਨੂੰ ਦਰਸਾਉਂਦੀ ਹੈ। ਆਮ ਜੀਵਨ ਦੀਆਂ ਦੁਖਦਾਈ ਘਟਨਾਵਾਂ ਤੋਂ ਹਾਸੇ ਮਨੋਰੰਜਨ ਭਰਪੂਰ ਨਾਵਲ ਦੀ ਘੁੰਢ ਚੁਕਾਈ ਨਾਰਵੇ 'ਤੇ ਕੀਤੀ ਗਈ। ਪੂਰਨ ਦਾ ਬਾਗ ਨਾਵਲ ਨੂੰ ਰਿਲੀਜ਼ ਕਰਦੇ ਸਮੇਂ ਡਿੰਪੀ ਮੋਗਾ, ਰਵਿੰਦਰ ਗਰੇਵਾਲ ਫੱਲੇਵਾਲ, ਮਨਵਿੰਦਰ ਸਿੰਘ ਸਦਰਪੁਰਾ (ਜਗਰਾਉਂ), ਰਾਣਾ ਕਪੂਰਥਲਾ, ਗੁਰਦਿਆਲ ਸਿੰਘ ਲੁਧਿਆਣਾ, ਰੁਪਿੰਦਰ ਢਿੱਲੋਂ ਮੋਗਾ, ਰੰਮੀ ਫੱਤਣਵਾਲਾ, ਬੁੱਬੂ ਮੋਗਾ, ਇਕਬਾਲ ਸਿੰਘ ਹਰਿਆਣਾ, ਹਰਮਨਪ੍ਰੀਤ ਮੋਹੀ ਵਾਲਾ ਆਦਿ ਹਾਜ਼ਰ ਸਨ।
ਬਲਦੇਵ ਸਿੰਘ ਦਾ ਨਾਵਲ ਪੂਰਨ ਦਾ ਬਾਗ ਰਿਲੀਜ਼
- Saturday, 29 October 2011 23:01














