ਸਿੱਖ ਹਿਸਟਰੀ ਦੀਆਂ 10 ਜਿਲਦਾਂ ਰਲੀਜ ਹੋਣ ਦਾ ਦ੍ਰਿਸ਼।
ਚੰਡੀਗੜ੍ਹ, 8 ਫਰਵਰੀ (ਗੁਰਪ੍ਰੀਤ ਮਹਿਕ) - ਉੱਘੇ ਸਿੱਖ ਵਿਦਵਾਨ ਡਾ: ਹਰਜਿੰਦਰ ਸਿੰਘ ਦਿਲਗੀਰ ਦੀ 'ਸਿੱਖ ਹਿਸਟਰੀ' ਦੀਆਂ 10 ਜਿਲਦਾਂ ਅੱਜ ਹੋਟਲ ਅਰੋਮਾ ਵਿਖੇ ਰਿਲੀਜ਼ ਕੀਤੀਆਂ ਗਈਆਂ। ਅੰਗਰੇਜੀ ਵਿਚ ਇਨ੍ਹਾਂ ਜਿਲਦਾਂ ਵਿਚ ਕੁਲ 3,800 ਦੇ ਲਗਭਗ ਸਫੇ ਹਨ ਅਤੇ 4500 ਦੇ ਕਰੀਬ ਤਸਵੀਰਾਂ ਹਨ। ਸਿਮਰਨਜੀਤ ਸਿੰਘ ਮਾਨ ਸਾਬਕਾ ਐਮ ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਗੁਰਵਿੰਦਰਪਾਲ ਸਿੰਘ ਸ਼ਾਮਪੁਰਾ ਮੈਂਬਰ ਸ਼੍ਰੋਮਣੀ ਕਮੇਟੀ, ਧਿਆਨ ਸਿੰਘ ਮੰਡ ਸਾਬਕਾ ਐਮ ਪੀ, ਗੁਰਪ੍ਰੀਤ ਸਿੰਘ ਕੈਨੇਡਾ, ਰਜਿੰਦਰ ਸਿੰਘ ਖਾਲਸਾ ਨੇ ਇਹ ਜਿਲਦਾਂ ਰਿਲੀਜ਼ ਕੀਤੀਆਂ ਅਤੇ ਡਾ: ਦਿਲਗੀਰ ਦੀ ਇਨਾਂ ਪੁਸਤਕਾਂ ਨੂੰ ਲਿਖਣ ਬਦਲੇ ਪ੍ਰਸੰਸਾ ਕੀਤੀ। ਇਸ ਮੌਕੇ ਗੁਰਿੰਦਰਪਾਲ ਸਿੰਘ ਧਨੌਲਾ, ਸਤਨਾਮ ਸਿੰਘ ਪਾਊਂਟਾ ਸਾਹਿਬ (ਦਲ ਖਾਲਸਾ), ਇਕਬਲਾ ਸਿੰਘ ਟਿਵਾਣਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਰਵਿੰਦਰ ਸਿੰਘ ਮੋਹਾਲੀ, ਜਸਵੰਤ ਸਿੰਘ ਮਾਨ ਪ੍ਰਧਾਨ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ, ਅਸ਼ੋਕ ਸਿੰਘ ਬਾਗੜੀਆਂ, ਪ੍ਰੋ: ਕੰਵਲਦੀਪ ਸਿੰਘ, ਨਵਕਿਰਨ ਸਿੰਘ ਐਡਵੋਕੇਟ, ਖੋਜੀ ਕਾਫ਼ਿਰ, ਡਾ: ਕੁਲਵਿੰਦਰ ਸਿੰਘ ਬਾਜਵਾ ਸਾਬਕਾ ਮੁੱਖੀ ਹਿਸਟਰੀ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗਿਆਨੀ ਅਮਰੀਕ ਸਿੰਘ ਸੋਲਖੀਆਂ, ਕਰਨਲ ਗੁਰਦੀਪ ਸਿੰਘ, ਕਰਨਲ ਉਦੈ ਸਿੰਘ, ਜਸਬਿੰਦਰ ਸਿੰਘ ਦੁਬਈ, ਸੁਰਜੀਤ ਸਿੰਘ ਨਾਰਵੇ, ਕਰਮਜੀਤ ਸਿੰਘ, ਤਰਲੋਕ ਸਿੰਘ ਕੈਨੇਡਾ, ਇਕਵਾਕ ਸਿੰਘ ਪੱਟੀ, ਗੁਰਚਰਨ ਸਿੰਘ ਮਿਸ਼ਨਰੀ, ਪ੍ਰੀਤਮ ਸਿੰਘ ਮਟਵਾਣੀ, ਕਮਲਜੀਤ ਸਿੰਘ ਕੁੰਡਲ ਆਦਿ ਵੀ ਹਾਜਰ ਸਨ। ਬੀਬੀ ਜਗਮੋਹਨ ਕੌਰ ਨੇ ਬਾਖ਼ੂਬੀ ਸਟੇਜ ਸਕੱਤਰ ਸੇਵਾ ਨਿਭਾਈ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਜਿਲਦਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਪ੍ਰਾਚੀਨ ਪੰਜਾਬ ਅਤੇ ਗੁਰੂ ਕਾਲ (-1000 ਤੋਂ 1708) ਜਿਲਦ ਦੇ ਵਿਚ 424 ਸਫ਼ਿਆਂ, 21 ਨਕਸ਼ਿਆਂ ਅਤੇ ਦਰਜਨਾਂ ਰੰਗੀਨ ਤਸਵੀਰਾਂ ਵਿਚ ਪ੍ਰਾਚੀਨ ਪੰਜਾਬ ਅਤੇ ਗੁਰੂ ਇਤਿਹਾਸ ਪੇਸ਼ ਕੀਤਾ ਹੈ। ਉਨ੍ਹਾਂ ਨੇ ਗੁਰੂਆਂ ਨਾਲ ਸਬੰਧਿਤ ਸਾਰੀਆਂ ਕਰਾਮਤਾਂ ਅਤੇ ਜਾਦੂਈ ਕਹਾਣੀਆਂ ਨੂੰ ਰੱਦ ਕੀਤਾ ਹੈ ਅਤੇ ਸਾਇੰਟਿਫ਼ਿਕ ਤਰੀਕੇ ਨਾਲ ਇਸ ਕਾਲ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ, ਬੰਦਾ ਸਿੰਘ ਬਹਾਦਰ (1708-16) ਜਿਲਦ ਵਿਚ ਉਨ੍ਹਾਂ ਨੇ ਤੱਤ ਅਤੇ ਬੰਦਈ ਖਾਲਸਾ ਦੀ ਕਹਾਣੀ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ ਤੇ ਇਸ ਵਿਚ ਬਾਜ਼ ਸਿੰਘ, ਫ਼ਤਹਿ ਸਿੰਘ, ਰਾਜਪੂਤ ਰਾਜਿਆਂ ਦੇ ਰੋਲ ਅਤੇ ਹੋਰ ਬਹੁਤ ਸਾਰੇ ਨੁਕਤਿਆਂ ਬਾਰੇ ਬਹੁਤ ਸਾਰੀ ਨਵੀਂ ਜਾਣਕਾਰੀ ਪੇਸ਼ ਕੀਤੀ ਹੈ। ਬੰਦਾ ਸਿੰਘ ਬਾਰੇ ਹੁਣ ਤਕ ਛਪੀਆਂ ਪੁਸਤਕਾਂ ਵਿਚ ਇਹ ਸਭ ਤੋਂ ਵੱਧ ਕੀਮਤੀ ਪੁਸਤਕ ਮੰਨੀ ਜਾਂਦੀ ਹੈ ਇਸੇ ਕਰ ਕੇ ਇਸ ਦੇ ਕਈ ਐਡੀਸ਼ਨ ਵਿਕ ਚੁੱਕੇ ਹਨ। ਉਨ੍ਹਾਂ ਦੱਸਿਆ ਕਿ, ਜੰਗ ਅਤੇ ਅਮਨ (1716-1849) ਜਿਲਦ ਵਿਚ ਸਿੱਖਾਂ ਦੀ ਜੱਦੋਜਹਿਦ, ਘੱਲੂਘਾਰਿਆਂ ਅਤੇ ਕੁਰਬਾਨੀਆਂ ਦਾ ਜ਼ਿਕਰ ਵੀ ਹੈ ਅਤੇ ਮਿਸਲਾਂ ਵਲੋਂ ਰਾਜ ਕਾਇਮ ਕਰਨ ਦਾ ਵਿਸਤਾਰ ਵੀ। ਉਨ੍ਹਾਂ ਦੱਸਿਆ ਕਿ, ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਤੋਂ ਡਰਦਾ ਸੀ ਅਤੇ ਉਸ ਨੂੰ ਸਿੱਖੀ ਵਾਸਤੇ ਨੁਕਸਾਨਦੇਹ ਰਾਜਾ ਵੀ ਗਰਦਾਨਦਾ ਹੈ। ਉਨ੍ਹਾਂ ਦੱਸਿਆ ਕਿ, ਰਾਖ ਚੋਂ ਮੁੜ ਜਨਮ (1860 ਤੋਂ 1926) ਜਿਲਦ ਵਿਚ ਸਿੰਘ ਸਭਾ ਅਤੇ ਅਕਾਲੀ ਲਹਿਰ ਬਾਰੇ ਵੱਡਮੁੱਲੀ ਜਾਣਕਾਰੀ ਹੈ। ਜਿਸ ਵਿਚੋਂ ਬਹੁਤ ਸਾਰੀ ਸਮੱਗਰੀ ਪਹਿਲਾਂ ਕਿਸੇ ਲਿਖਤ ਵਿਚ ਮੌਜੂਦ ਨਹੀਂ ਸੀ। ਉਨ੍ਹਾਂ ਨੇ ਦੱਸਿਆ ਹੈ ਕਿ, ਨਾਮਧਾਰੀ ਲਹਿਰ ਨੂੰ ਮਹੰਤਾਂ ਅਤੇ ਅੰਗਰੇਜ਼ਾਂ ਦੀ ਸਰਪਰਸਤੀ ਅਤੇ ਸ਼ਹਿ ਹਾਸਿਲ ਸੀ। ਇਸ ਵਿਚ ਡਾ: ਦਿਲਗੀਰ ਨੇ ਪੂਰੇ ਦਾ ਪੂਰਾ ਗੁਰਦੁਆਰਾ ਐਕਟ (1925) ਵੀ ਦਿੱਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ, ਸਿੱਖਾਂ ਨਾਲ ਵਿਸਾਹਘਾਤ (1926-1947) ਜਿਲਦ ਵਿਚ ਸਿੱਖਾਂ ਵੱਲੋਂ ਖਾਲਿਸਤਾਨ ਨਾ ਲੈ ਸਕਣ ਦਾ ਕਾਰਨ ਉਹ ਅੰਗਰੇਜ਼ਾਂ ਦੀ ਸਿੱਖਾਂ ਸਬੰਧੀ ਲਾਪਰਵਾਹੀ, ਸਿੱਖ ਆਗੂਆਂ ਦੀ ਫ਼ੁੱਟ ਅਤੇ ਹਿੰਦੂ ਆਗੂਆਂ ਦੇ ਧੋਖੇ ਤੇ ਚਾਲਾਕੀਆਂ ਨੂੰ ਜ਼ਿੰਮੇਦਾਰ ਮੰਨਦਾ ਹੈ। ਉਸ ਦਾ ਕਹਿਣਾ ਹੈ ਪ੍ਰਤਾਪ ਸਿੰਘ ਕੈਰੋਂ, ਊਧਮ ਸਿੰਘ ਨਾਗੋਕੇ, ਫੇਰੂਮਾਨ, ਝਬਾਲ ਭਰਾ, ਸਰਦੂਲ ਸਿੰਘ ਕਵੀਸ਼ਰ ਅਤੇ ਹੋਰ ਕਾਂਗਰਸੀ ਅਤੇ ਗਾਂਧੀ ਭਗਤ ਸਿੱਖਾਂ ਦੀ ਹਾਲਤ ਦੇ ਜ਼ਿੰਮੇਦਾਰ ਸਨ ਤੇ ਇਹ ਆਗੂ ਖਾਲਿਸਤਾਨ ਦੀ ਮੰਗ ਦਾ ਵਿਰੋਧ ਕਰਦੇ ਰਹੇ, ਜਦਕਿ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਤੇ ਉਨ੍ਹਾਂ ਦਾ ਸਾਥੀ ਅਖ਼ੀਰ ਤਕ ਜੱਦੋਜਹਿਦ ਕਰਦੇ ਰਹੇ। ਉਨ੍ਹਾਂ ਦੱਸਿਆ ਕਿ, ਸਿੱਖੀ ਬਚਾਉਣ ਦੀ ਜੱਦੋ ਜਹਿਦ (1947-1978) ਜਿਲਦ ਵਿਚ ਪੰਜਾਬੀ ਸੂਬਾ ਮੋਰਚਾ ਬਾਰੇ ਬੇਸ਼ਕੀਮਤੀ ਜਾਣਕਾਰੀ ਦਿੱਤੀ ਹੋਈ ਹੈ। ਉਨ੍ਹਾਂ ਦੱਸਿਆ ਕਿ, ਸੰਤ ਫ਼ਤਹਿ ਸਿੰਘ ਨੇ ਨਹਿਰੂ ਅਤੇ ਕੈਰੋਂ ਨਾਲ ਰਲ ਕੇ ਪੰਥ ਵਿਚ ਫੁੱਟ ਪਾਈ ਸੀ। ਉਹ ਇਹ ਵੀ ਕਹਿੰਦਾ ਹੈ ਕਿ ਗੁਰਦੁਆਰਿਆਂ ਦੇ ਮੌਜੂਦਾ ਨਿਘਾਰ ਦਾ ਮੁੱਢ ਫਤਹਿ ਸਿੰਘ ਨੇ ਹੀ ਬੰਨ੍ਹਿਆ ਸੀ। ਇਸ ਵਿਚ ਲੇਖਕ ਨੇ ਪੂਰਾ ਪੰਜਾਬ ਪੁਨਰਗਠਨ ਐਕਟ (1966) ਵੀ ਦਿੱਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ, ਸਿੱਖਾਂ ਦਾ ਕਤਲੇਆਮ (1978-1984) ਜਿਲਦ ਵਿਚ ਨਿਰੰਕਾਰੀ-ਸਿੱਖ ਟਕਰਾਓ, ਦਰਬਾਰ ਸਾਹਿਬ 'ਤੇ ਹਮਲੇ (ਜੂਨ 1984) ਅਤੇ ਨਵੰਬਰ 1984 ਵਿਚ ਦਿੱਲੀ ਅਤੇ ਹੋਰ ਥਾਵਾਂ 'ਤੇ ਸਿੱਖਾਂ ਦੇ ਕਤਲੇਆਮ ਬਾਰੇ ਬੇਮਿਸਾਲ ਜਾਣਕਾਰੀ ਦਿੱਤੀ ਹੋਈ ਹੈ। ਇਸ ਵਿਚੋਂ ਬਹੁਤ ਸਾਰੀਆਂ ਗੱਲਾਂ ਨੂੰ ਉਸ ਨੇ ਹੀ ਪਰਗਟ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਦੋ ਮੁਕੰਮਲ ਪੁਸਤਕਾਂ (ਹੂ ਆਰ ਗਿਲਟੀ ਅਤੇ ਔਪਰੈਸ਼ਨ ਇਨ ਪੰਜਾਬ) ਤੋਂ ਇਲਾਵਾ ਦਿੱਲ਼ੀ ਵਿਚ ਕਤਲ ਕੀਤੇ 2500 ਤੋਂ ਵੱਧ ਸਿੱਖਾਂ ਦੇ ਨਾਂ ਪਤੇ ਵੀ ਦਿੱਤੇ ਹੋਏ ਹਨ। ਉਨ੍ਹਾਂ ਸਿੱਖ ਜਵਾਨੀ ਦਾ ਘਾਣ (1985-1995) ਜਿਲਦ ਵਿਚ ਉਸ ਨੇ ਬੇਸ਼ਕੀਮਤੀ ਅੰਕੜੇ ਦਿੱਤੇ ਹਨ। ਇਸ ਵਿਚ 1985 ਤੋਂ 1995 ਵਿਚਕਾਰ ਨਕਲੀ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸਿੱਖ ਨੌਜਵਾਨਾਂ ਵਿਚੋਂ ਪੰਜ ਹਜ਼ਾਰ ਤੋਂ ਵਧ ਜਵਾਨਾਂ ਦੇ ਨਾਂ ਅਤੇ ਹੋਰ ਜਾਣਕਾਰੀ ਪੇਸ਼ ਕੀਤੀ ਹੋਈ ਹੈ। ਇਸ ਵਿਚ ਡਾ: ਦਿਲਗੀਰ ਨੇ ਰਾਜ਼ ਖੋਲ਼੍ਹਿਆ ਹੈ ਕਿ ਦਮਦਮੀ ਟਕਸਾਲ ਨੇ ਅਕਤੂਬਰ 1992 ਵਿਚ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ ਨਾਲ ਖ਼ੁਫ਼ੀਆ ਸਮਝੌਤਾ ਕਰ ਲਿਆ ਸੀ। ਡਾ: ਦਿਲਗੀਰ ਦੱਸਦੇ ਹਨ ਕਿ ਦਮਦਮੀ ਟਕਸਾਲ ਸ਼ਬਦ 1977 ਤੋਂ ਪਹਿਲਾਂ ਮੌਜੂਦ ਨਹੀਂ ਸੀ। ਨਿਰੰਕਾਰੀ ਸਿੱਖ ਟਕਰਾਅ ਬਾਰੇ ਲੇਖਕ ਦਾ ਵਿਚਾਰ ਹੈ ਕਿ ਸ਼ੁਰੂ ਸ਼ੁਰੂ ਵਿਚ 1976-77 ਵਿਚ ਭਿੰਡਰਾ-ਮਹਿਤਾ ਜਥਾ ਦੇ ਨਿਰੰਕਾਰੀਆਂ ਨਾਲ ਟਕਰਾਅ ਦਾ ਕਾਰਨ ਦੋਹਾਂ ਵਿਚ ਇਕ ਦੂਜੇ ਦੇ ਚੇਲੇ ਖੋਹਣ ਦੀ ਕੋਸ਼ਿਸ਼ ਵਿਚੋਂ ਪੈਦਾ ਹੋਇਆ ਸੀ। ਭਿੰਡਰਾਂ ਜਥਾ ਨੂੰ ਖ਼ਤਰਾ ਹੋ ਗਿਆ ਸੀ ਕਿ ਨਿਰੰਕਾਰੀਆਂ ਦਾ ਪੰਜਾਬ ਵਿਚ ਫੈਲਾਅ ਉਨ੍ਹਾ ਦੇ ਜਥੇ ਦੀ ਸੰਗਤ ਖੋਹ ਲਵੇਗਾ, ਪਰ ਸੰਤ ਜਰਨੈਲ ਸਿੰਘ ਨੇ ਇਸ ਟਕਰਾਅ ਨੂੰ ਸਿੱਖਾਂ ਦਾ ਕੌਮੀ ਟਕਰਾਅ ਬਣਾ ਦਿੱਤਾ, ਜਿਸ ਵਿਚੋਂ ਖਾਲਿਸਤਾਨ ਲਹਿਰ ਪੈਦਾ ਹੋਈ। ਡਾ: ਦਿਲਗੀਰ ਨੇ ਸਿੱਖ ਪੰਥ ਨੂੰ ਅਗਵਾ ਕਰਨਾ (1995-2011) ਜਿਲਦ ਵਿਚ ਉਨ੍ਹਾਂ ਦੱਸਿਆ ਕਿ, ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਨੂੰ ਕਿਵੇਂ ਅਗਵਾ ਕਰ ਲਿਆ ਹੋਇਆ ਹੈ। ਉਨ੍ਹਾਂ ਦੱਸਿਆ, ਸਿੱਖ ਇਤਿਹਾਸ ਤਸਵੀਰਾਂ ਵਿਚ (1978-2011) ਜਿਲਦ ਵਿਚ 4500 ਦੇ ਲਗਭਗ ਤਸਵੀਰਾਂ ਹਨ। ਜਿਨ੍ਹਾਂ ਵਿਚੋਂ 3000 ਉਨ੍ਹਾਂ ਨੌਜਵਾਨਾਂ ਦੀਆਂ ਹਨ ਜੋ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸਨ। ਇਸ ਤੋਂ ਬਿਨਾਂ ਨੌਜਵਾਨਾਂ ਨੂੰ ਮਾਰਨ ਵਾਸਤੇ ਪੁਲਿਸ ਅਫ਼ਸਰਾਂ, ਪੁਲਿਸ ਕੈਂਟਾਂ, ਮਨੁੱਖੀ ਹੱਕਾਂ ਦੇ ਆਗੂਆਂ, ਸਿੱਖ ਵਿਦਵਾਨਾਂ ਦੀਆਂ ਤਸਵੀਰਾਂ ਵੀ ਹਨ। ਉਨ੍ਹਾਂ ਦੱਸਿਆ ਕਿ, ਬਾਦਲ ਰਾਜ ਵੇਲੇ ਦੇ ਪੁਲਿਸ ਜ਼ੁਲਮਾਂ ਅਤੇ ਹੋਰ ਬਹੁਤ ਸਾਰੀਆਂ ਅਹਿਮ ਘਟਨਾਵਾਂ ਦੀਆਂ ਬੇਸ਼ਕੀਮਤੀ ਤਸਵੀਰਾਂ ਵੀ ਇਸ ਵਿਚ ਹਨ। ਇੰਜ ਇਹ ਪੁਸਤਕ ਇਕ ਅਜਾਇਬ ਘਰ ਵਰਗਾ ਖ਼ਜ਼ਾਨਾ ਬਣ ਗਈ ਹੈ। ਡਾ: ਦਿਲਗੀਰ ਨੇ ਦੱਸਿਆ ਕਿ, ਇਸ 10 ਜਿਲਦਾਂ ਦੇ ਸੈੱਟ ਨੂੰ ਸਿੱਖ ਇਤਿਹਾਸ ਦਾ ਐਨਸਾਈਕਲੋਪੀਡੀਆ ਕਿਹਾ ਜਾ ਸਕਦਾ ਹੈ। ਇਸ ਨੂੰ ਪੜ੍ਹਨ ਮਗਰੋਂ ਕਿਸੇ ਹੋਰ ਕਿਤਾਬ ਨੂੰ ਪੜ੍ਹਨ ਦੀ ਲੋੜ ਨਹੀਂ ਰਹਿ ਜਾਂਦੀ। ਉਨ੍ਹਾਂ ਦੱਸਿਆ ਕਿ, ਉਨ੍ਹਾਂ ਨੇ ਇਸ ਵਿਸ਼ਾਲ ਇਤਿਹਾਸ ਨੂੰ 38 ਸਾਲ ਦੀ ਅਣਥੱਕ ਮਿਹਨਤ ਮਗਰੋਂ ਤਿਆਰ ਕੀਤਾ ਹੈ। ਉਹ ਨਿਰੰਤਰ ਇਸ ਵਿਚ ਨਵੀਂ ਨਵੀਂ ਜਾਣਕਾਰੀ ਸ਼ਾਮਿਲ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ, ਉਨ੍ਹਾਂ ਨੇ 2008 ਵਿਚ ਸਿੱਖ ਹਿਸਟਰੀ ਨੂੰ 5 ਜਿਲਦਾਂ ਵਿਚ ਛਾਪਿਆ ਸੀ, ਹੁਣ ਇਸ ਇਤਿਹਾਸ ਨੂੰ ਅੰਗਰੇਜ਼ੀ ਵਿਚ 10 ਜਿਲਦਾਂ ਵਿਚ ਪੇਸ਼ ਕੀਤਾ ਹੈ। ਜਿਕਰਯੋਗ ਹੈ ਕਿ ਜਿਹੜਾ ਕੰਮ ਇਕ ਯੂਨੀਵਰਸਿਟੀ ਨੂੰ ਕਰਨਾ ਚਾਹੀਦਾ ਸੀ, ਉਹ ਡਾ: ਦਿਲਗੀਰ ਨੇ ਇਕੱਲੇ ਨੇ ਕਰ ਦਿੱਤਾ ਹੈ। ਹੋਰ ਵੀ ਵੱਡੀ ਗੱਲ ਇਹ ਹੈ ਕਿ ਲੇਖਕ ਇੰਗਲੈਂਡ ਵਿਚ ਰਹਿੰਦਾ ਹੈ ਅਤੇ ਇਸ ਦੇ ਬਾਵਜੂਦ ਉਸ ਨੇ ਐਨਾ ਵਿਸ਼ਾਲ ਕੰਮ ਕਰ ਦਿਖਾਇਆ ਹੈ।














