
ਬਾਲ ਸੰਸਾਰ
ਪਿਆਰੇ ਬੱਚੇ
- Tuesday, 07 June 2011 17:37
ਕੁਦਰਤ ਦੀ ਪਿਆਰੀ ਦਾਤ ਨੇ ਬੱਚੇ,
ਬੜੀ ਅਨਮੋਲ ਸੌਗਾਤ ਨੇ ਬੱਚੇ।
ਧਰਮਾਂ ਦਾ ਨਾ ਰੌਲਾ ਪਾਉਂਦੇ,
ਤਾਂ ਹੀ ਸਭ ਦੇ ਮਨ ਨੂੰ ਭਾਉਂਦੇ।
ਫੁੱਲਾਂ ਵਰਗੇ ਨਿੱਕੜੇ ਬਾਲ,
ਘਰ ਦੀ ਰੌਣਕ ਇਨ੍ਹਾਂ ਨਾਲ।
ਬੱਚਿਆਂ ਦੇ ਹੱਥ ਦੇਸ਼ ਦੀ ਵਾਗਡੋਰ,
ਇਨ੍ਹਾਂ ਵਰਗਾ ਪਿਆਰਾ ਨਾ ਹੋਰ।
ਵਿੱਦਿਆ ਦਾ ਗਿਆਨ ਦਵਾਈਏ,
ਪੜ੍ਹਾ ਕੇ ਚੰਗੇ ਇਨਸਾਨ ਬਣਾਈਏ।
- ਗੁਰਪ੍ਰੀਤ ਸਿੰਘ ਤੰਗੋਰੀ
ਵਾਤਾਵਰਣ ਦਿਵਸ ਦੀ ਮੌਤ
- Monday, 06 June 2011 23:23
ਅਜ ਜਦ ਸਭ ਪਾਸੇ ਵਾਤਾਵਰਣ ਦੀ ਸੰਭਾਲ ਦੀ ਗੱਲ ਹੋ ਰਹੀ ਸੀ, ਭਾਸ਼ਣ ਦਾਗੇ ਜਾ ਰਹੇ ਸਨ, ਪੰਡਾਲਾਂ ਵਿਚ ਸੱਜ ਕੇ ਬੈਠੇ ਸਰੋਤੇ ਚਾਹ ਪਾਣੀ ਛਕ ਰਹੇ ਸਨ ਤਾਂ ਉਸੇ ਵਕਤ ਸਾਹਨੇਵਾਲ (ਜ਼ਿਲ੍ਹਾ ਲੁਧਿਆਣਾ) ਦੇ ਖੇਤਾਂ ਵਿਚ ਇਕ 20 ਸਾਲਾ ਦਰਖ਼ਤ ਨੂੰ ਆਪਣੇ ਪੈਰਾਂ ਵਿਚ ਕੁਹਾੜੇ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਉਸਦੀਆਂ ਕੁਰਲਾਉਂਦੀਆਂ ਟਾਹਣੀਆਂ ਦੀਆਂ ਚੀਕਾਂ ਕਿਸੇ ਨਾ ਸੁਣੀਆਂ। ਟਰਾਲੀ ਵਿਚ ਲੱਦੀਆਂ ਜਾਣ ਤੋਂ ਪਹਿਲੋਂ ਹੀ ਦਰਖ਼ਤ ਦੇ ਹੰਝੂ ਮੁੱਕ ਗਏ। ਮਨੁੱਖ ਦੇ ਸਾਜੇ ਵਾਤਾਵਰਣ ਦਿਵਸ ਦੀ ਮਨੁੱਖ ਦੇ ਹੱਥੋਂ ਹੀ ਮੌਤ ਹੋ ਗਈ। -
ਜਨਮੇਜਾ ਸਿੰਘ ਜੌਹਲ,
ਫੋਟੋ 10:30 ਸਵੇਰੇ,
5 ਜੂਨ 2011
ਤਿਤਲੀ
- Friday, 03 June 2011 16:32
ਸਾਡੇ ਘਰ ਇੱਕ ਆਈ ਤਿਤਲੀ,
ਬਹੁਤ ਸੀ ਉਹ ਘਬਰਾਈ ਤਿਤਲੀ।
ਨਾਲ ਪਿਆਰ ਦੇ ਮੈਂ ਬੁਲਾਇਆ,
ਕਿਸਨੇ ਤੈਨੂੰ ਦੱਸ ਰੁਲਾਇਆ।
ਅੱਖਾਂ ਭਰ ਕੇ ਤਿਤਲੀ ਕਹਿਆ,
ਫੁੱਲਾਂ ਵਿੱਚ ਹੁਣ ਸ਼ਹਿਦ ਨਾ ਰਹਿਆ।
ਨਿੱਤ ਪ੍ਰਦੂਸ਼ਨ ਵਧਦਾ ਜਾਵੇ,
ਸਾਡੇ ਉੱਤੇ ਕਹਿਰ ਇਹ ਢਾਵੇ।
ਦੱਸ ਕਿੱਥੋਂ ਮੈਂ ਸ਼ਹਿਦ ਲਿਆਵਾਂ,
ਬੱਚਿਆਂ ਨੂੰ ਮੈਂ ਕੀ ਪਿਆਵਾਂ।
ਮੈਂ ਕਿਹਾ ਤੂੰ ਸਾਡੇ ਘਰ ਆਈਂ,
ਕਟੋਰੀ ਭਰਕੇ ਸ਼ਹਿਦ ਲੈ ਜਾਈਂ।
ਮੁਸਕਾ ਕੇ ਫਿਰ ਤਿਤਲੀ ਬੋਲੀ,
ਤੂੰ ਤਾਂ ਮਹਿਕ ਬਹੁਤ ਹੈ ਭੋਲੀ।
ਇਹ ਸ਼ਹਿਦ ਮੇਰੇ ਕੰਮ ਨਾ ਆਉਣਾ,
ਜੇ ਤੂੰ ਮੈਨੂੰ ਆਪਣੇ ਘਰ ਬੁਲਾਉਣਾ।
ਆਪਣੇ ਵਿਹੜੇ ਵਿੱਚ ਫੁੱਲ ਉਗਾਅ,
ਹੋਰਾਂ ਨੂੰ ਵੀ ਇਹ ਗੱਲ ਸਮਝਾਅ।
ਫਿਰ ਰੋਜ ਮੈਂ ਤੇਰੇ ਘਰ ਆਵਾਂਗੀ,
ਤੇਰੇ ਸੰਗ ਬਾਤਾਂ ਪਾਵਾਂਗੀ।
ਰਲ ਮਿਲ ਫੁੱਲ ਤੇ ਰੁੱਖ ਲਗਾਈਏ,
ਵਾਤਾਵਰਨ ਨੂੰ ਆਉ ਬਚਾਈਏ।
- ਗੁਰਪ੍ਰੀਤ ਸਿੰਘ ਤੰਗੋਰੀ
ਫੁੱਲ
- Friday, 03 June 2011 16:28
ਸਭ ਦੇ ਮਨ ਨੂੰ ਭਾਉਂਦੇ ਫੁੱਲ,
ਸੁਹਣੇ ਹੱਸਦੇ ਮੁਸਕਾਉਂਦੇ ਫੁੱਲ।
ਗਰਮੀ ਸਰਦੀ ਬਾਰਸ਼ ਸਹਿੰਦੇ,
ਫੇਰ ਵੀ ਨਾ ਘਬਰਾਉਂਦੇ ਫੁੱਲ।
ਹਰ ਮੌਸਮ ਵਿੱਚ ਖੁਸ਼ਬੋ ਦੇ ਕੇ,
ਜਿਊਣ ਦੀ ਜਾਂਚ ਸਿਖਾਉਂਦੇ ਫੁੱਲ।
ਕੁੱਝ ਦਿਨ ਦੀ ਹੀ ਜਿੰਦਗੀ ਭਾਵੇਂ,
ਪਰ ਫੇਰ ਵੀ ਹੱਸਦੇ ਗਾਉਂਦੇ ਫੁੱਲ।
ਤਾਜੀ ਸਾਫ ਹਵਾ ਨੇ ਦਿੰਦੇ ਸਾਨੂੰ,
ਵਾਤਾਵਰਨ ਸਾਫ ਬਣਾਉਂਦੇ ਫੁੱਲ।
ਵਿੱਚ ਬਗੀਚੀ ਜਾਂ ਘਰ ਦੇ ਅੱਗੇ,
ਹਰ ਥਾਂ ਰੌਣਕ ਰਹਿਣ ਵਧਾਉਂਦੇ ਫੁੱਲ।
ਫੁੱਲਾਂ ਨਾਲ ਸਾਡੀ ਸਾਂਝ ਪੁਰਾਣੀ,
ਖੁਸ਼ੀ ਗਮੀ 'ਚ ਸਾਥ ਨਿਭਾਉਂਦੇ ਫੁੱਲ।
ਤੰਗੋਰੀ ਸਭ ਇਹੀ ਸਮਝਾਉਂਦਾ,
ਸਭ ਦੇ ਵਿਹੜੇ ਖਿੜਨਾ ਚਾਹੁੰਦੇ ਫੁੱਲ।














