Saturday, May 19th

Last update11:08:48 PM GMT

ਖੁੰਡ ਚਰਚਾ

ਆਪਣੇ ਪਰਿਵਾਰ ਨੂੰ ਦ੍ਰਿੜ ਕਰੀਏ ਕਿ ਸਿੱਖੀ ਸਰੂਪ ਤੋਂ ਦੂਰ ਨਹੀਂ ਹੋਣਾ....

''ਲੈ ਯਾਰ ਲੋਕਾਂ ਨੂੰ ਪਤਾ ਨਹੀਂ ਕਿਵੇਂ ਸ਼ਰਾਬ ਦੀ ਆਦਤ ਲੱਗ ਜਾਂਦੀ ਏ, ਮੈਨੂੰ ਤੇ ਦਸ ਸਾਲ ਹੋ ਗਏ ਨੇ ਰੋਜ ਸ਼ਰਾਬ ਪੀਂਦੇ ਨੂੰ, ਮੈਨੂੰ ਤੇ ਆਦਤ ਨਹੀਂ ਲੱਗੀ।” ''ਲਓ ਕਰ ਲਓ ਗੱਲ, ਭਾਈ ਹੋਰ ਕਿਸ ਤਰ੍ਹਾਂ ਆਦਤ ਲੱਗਦੀ ਏ? ਦਸ ਸਾਲ ਪੂਰੇ ਪੀਂਦੇ ਨੂੰ ਹੋ ਗਏ ਨੇ ਹੋਰ ਗਿਆਰਾਂ ਨੂੰ ਲੱਗਣੀ ਏ, ਲਓ ਜੀਤਾ ਡਰਾਈਵਰ ਵੀ ਕਮਾਲ ਈ ਏ।” ਸੇਮੀ ਬੋਲਿਆ, ਤੇ ਸਾਰੇ ਹੱਸ ਪਏ। ਗਰਮੀ ਹੋਣ ਕਾਰਨ ਖੁੰਡ 'ਤੇ ਕਾਫੀ ਰੌਣਕ ਸੀ, ਖਾਸ ਕਰ ਕੇ ਇਧਰ ਤਾਸ਼ ਦੀ ਢਾਣੀ ਕੋਲ ਤੇ ਕਾਫੀ ਜਿਆਦਾ ਰੌਣਕ ਸੀ। ਖੇਡਣ ਵਾਲੇ ਤੇ ਚਾਰ ਈ ਸਨ ਪਰ ਨਾਲ ਮਦਦ ਕਰਨ ਵਾਲੇ ਤੇ ਦੇਖਣ ਵਾਲੇ ਜਿਆਦਾ ਉਤਸ਼ਾਹ ਵਿਚ ਸਨ। ਖੇਡਣ ਵਾਲੇ ਤਾਂ ਬੈਠੇ ਸਨ ਪਰ ਦੇਖਣ ਵਾਲੇ ਨਾ ਖੜਿਆਂ 'ਚ ਨਾ ਬੈਠਿਆਂ 'ਚ ਸਨ, ਸਭ ਇਕ ਦੂਜੇ 'ਤੇ ਭਾਰ ਪਾਈ ਖੜੇ ਸਨ। ਤਾਸ਼ ਦੀ ਬਾਜੀ ਦੇ ਨਾਲ ਨਾਲ ਗੱਲਾਂ ਦਾ ਮਾਹੌਲ ਵੀ ਗਰਮ ਰਹਿੰਦਾ ਸੀ। ਜੀਤਾ ਡਰਾਈਵਰ ਤਾਂ ਆਪਣੀ ਗੱਲ ਕਹਿ ਕੇ ਤੁਰ ਗਿਆ, ਪਰ ਮਗਰ ਸ਼ਰਾਬ 'ਤੇ ਚਰਚਾ ਛੱਡ ਗਿਆ ਤੇ ਖੁੰਡ 'ਤੇ ਅੱਜ ਸ਼ਰਾਬ 'ਤੇ ਚਰਚਾ ਹੋਣ ਲੱਗ ਪਈ। ਸਿੱਟਾ ਭਾਵੇਂ ਕੋਈ ਨਿਕਲੇ ਚਾਹੇ ਜਾਂ ਨਾ, ਪਰ ਇਥੇ ਪਿੰਡ ਦੇ ਚੌਕੀਦਾਰ ਤੋਂ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਤੱਕ ਨੂੰ ਬਦਲ ਦਿੰਦੇ ਨੇ। ''ਬਈ ਸ਼ਰਾਬ ਨਾ ਹੋਏ ਤੇ ਲੋਕ ਖਰਾਬ ਕਿੱਦਾਂ ਹੋਣ, ਅੱਧੀ ਦੁਨੀਆ ਨੂੰ ਤੇ ਸ਼ਰਾਬ ਨੇ ਖਰਾਬ ਕੀਤਾ ਹੋਇਆ ਏ, ਘਰਾਂ ਦੇ ਘਰ ਉੱਜੜ ਗਏ ਸ਼ਰਾਬ ਕਰ ਕੇ।” ''ਹਾਂ ਜੀ ਗਿਆਨੀ ਜੀ ਸਭ ਨੂੰ ਪਤਾ ਏ ਬਈ ਸ਼ਰਾਬ ਖਰਾਬ ਹੈ ਪਰ ਫਿਰ ਵੀ ਕੋਈ ਮੰਨਦਾ ਨਹੀਂ, ਸ਼ਰਾਬ ਦੀ ਬੋਤਲ 'ਤੇ ਈ ਲਿਖਿਆ ਹੁੰਦਾ ਬਈ ਸਿਹਤ ਲਈ ਹਾਨੀਕਾਰਕ ਹੈ, ਪਰ ਦੁਨੀਆ ਉਹ ਕੰਮ ਕਰੇਗੀ ਜਿਸਤੋਂ ਰੋਕਿਆ ਗਿਆ ਹੋਵੇ।” ''ਮਾਸਟਰ ਜੀ ਹੋਰ ਤੇ ਹੋਰ ਹੁਣ ਤੇ ਹਲਕੀ ਉਮਰ ਦੇ ਮੁੰਡੇ ਵੀ ਸ਼ਰਾਬ ਪੀਣ ਲੱਗ ਗਏ, ਜਿਹੜੀ ਉਨ੍ਹਾਂ ਦੀ ਉਮਰ ਸਿਹਤ ਬਨਾਉਣ ਦੀ ਏ, ਕਸਰਤ ਕਰਨ ਦੀ ਏ, ਖੇਡਾਂ ਖੇਡਣ ਦੀ ਏ, ਉਸ ਉਮਰੇ ਉਹ ਸਿਹਤ ਦੀ ਦੁਸ਼ਮਣ ਨੂੰ ਖੇਡ ਬਣਾ ਕੇ ਖੇਡੀ ਜਾਂਦੇ ਨੇ।” ''ਗਿਆਨੀ ਜੀ ਆਹ ਸ਼ਰਾਬ ਤੇ ਸ਼ਰਾਬ ਹੋਰ ਪਤਾ ਨਹੀਂ ਕਿੰਨੀ ਕੁ ਕਿਸਮ ਦੇ ਨਸ਼ੇ ਕਰਦੇ ਨੇ, ਜਵਾਨ ਐਸੇ ਖੰਘ ਦੀ ਦਵਾਈ ਮਗਰ ਪਏ ਕਿ ਦਵਾਈ ਦੀਆਂ ਦੁਕਾਨਾਂ ਉੱਤੇ ਖੰਘ ਦੀ ਦਵਾਈ ਮਿਲਣੀ ਈ ਬੰਦ ਹੋ ਗਈ।” ਕਿਥੇ ਬਈ ਦੀਪੇ ਇਹ ਵਹਿਮ ਈ ਏ, ਮਿਲਦੀ ਏ ਪਰ ਜਿਸਦੀ ਕੀਮਤ ਪੰਜ ਰੁਪਏ ਸੀ ਉਹ ਹੁਣ ਪੰਜਾਹਾਂ ਦੀ ਮਿਲਦੀ ਏ, ਦਵਾਈ ਦੀਆਂ ਦੁਕਾਨਾਂ ਵਾਲਿਆਂ ਤੇ ਆਹ ਜਿਹੜੇ ਪਿੰਡਾਂ 'ਚ ਬੈਠੇ ਨੇ ਆਰ ਐਮ ਪੀ ਇਨ੍ਹਾਂ ਨੂੰ ਇਸ ਦਵਾਈ ਤੋਂ ਬੜੀ ਕਮਾਈ ਏ, ਪਹਿਲਾਂ ਲੋਕੀ ਡਾਕਟਰ ਨੂੰ ਦੂਜਾ ਰੱਬ ਮੰਨਦੇ ਸਨ, ਪਰ ਅੱਜ ਤੇ ਇਹ ਵੀ ਬੱਸ ਪੈਸਾ ਈ ਦੇਖਦੇ ਹਨ, ਅਗਲਾ ਮਰੇ ਭਾਵੇਂ ਜੀਵੇ।” ''ਗਿਆਨੀ ਜੀ ਗੱਲ ਸੇਮੀ ਦੀ ਵੀ ਠੀਕ ਏ, ਪਿੰਡਾਂ ਦੇ ਡਾਕਟਰ ਹੁਣ ਰੋਟੀ ਇਨਾਂ ਨਸ਼ਿਆਂ ਸਿਰੋਂ ਈ ਖਾਂਦੇ ਨੇ, ਕਿਸੇ ਨੂੰ ਟੀਕਾ, ਕਿਸੇ ਨੂੰ ਗੋਲੀਆਂ, ਕਿਸੇ ਨੂੰ ਕੈਪਸੂਲ ਤੇ ਕਿਸੇ ਨੂੰ ਕੋਰੈਕਸ, ਗਿਆਨੀ ਜੀ ਹੁਣ ਤੇ ਕੁੜੀਆਂ ਵੀ ਇਸ ਅਲਾਮਤ ਤੋਂ ਪਿੱਛੇ ਨਹੀਂ, ਉਹ ਵੀ ਮੁੰਡਿਆਂ ਦੀ ਬਰਾਬਰੀ ਕਰਦੀਆਂ ਹਨ, ਕੈਪਸੂਲ, ਗੋਲੀਆਂ ਤੇ ਬਰੈੱਡਾਂ 'ਤੇ ਆਇਓਡੈਕਸ ਲਗਾ ਲਗਾ ਕੇ ਖਾਈ ਜਾਂਦੀਆਂ ਨੇ, ਲੋਕੀ ਐਵੇਂ ਸਾਨੂੰ ਅਮਲੀ ਅਮਲੀ ਕਹੀ ਜਾਂਦੇ ਨੇ ਅਮਲੀ ਤੇ ਉਹ ਨੇ, ਚਲੋ ਬਈ ਅਸੀਂ ਤੇ ਅਨਪੜ ਸੀ ਇਕ ਵਾਰ ਆਹ ਫੀਮ, ਡੋਡਿਆਂ ਦੀ ਆਦਤ ਪੈ ਗਈ ਤੇ ਬੱਸ ਛੁੱਟੀ, ਤੇ ਆਹ ਪੜ੍ਹੇ ਲਿਖੇ ਬਾਂਦਰ ਬਣੀ ਫਿਰਦੇ ਨੇ।” ਬੰਤਾ ਅਮਲੀ ਬੋਲਿਆ, ਉਹਨੂੰ ਵੀ ਬੋਲਣ ਦਾ ਮੌਕਾ ਮਿਲ ਗਿਆ ਸੀ। ''ਗਿਆਨੀ ਜੀ ਆਪਣੇ ਦੇਸ਼ ਤਾਂ ਸਹੀ ਆਪਣੇ ਕਈ ਭਾਈ ਬਾਹਰ ਵਿਦੇਸ਼ਾਂ 'ਚ ਜਾ ਕੇ ਵੀ ਨਸ਼ੇ ਦੇ ਖੇਤਰ 'ਚ ਝੰਡੇ ਗੱਡੀ ਜਾਂਦੇ ਨੇ, ਪਤਾ ਨਹੀਂ ਕਿੰਨਿਆਂ ਕੁ ਦੀਆਂ ਮੌਤਾਂ ਹੋਈਆਂ ਨੇ ਨਸ਼ੇ ਦੀ ਵਜ੍ਹਾ ਨਾਲ, ਪਤਾ ਨਹੀਂ ਕਿੰਨੇ ਕੁ ਘਰ ਪੁੱਟ ਸੁੱਟੇ ਨੇ ਇਸ ਨਸ਼ੇ ਨੇ, ਗਿਆਨੀ ਜੀ ਕਈ ਬੰਦੇ ਐਹੋ ਜਿਹੇ ਵੀ ਨੇ ਜਿਹੜੇ ਸਿਰਫ ਉਨਾ ਹੀ ਕੰਮ ਕਰਦੇ ਨੇ ਜਿਹਦੇ ਨਾਲ ਦਾਰੂ ਦੀ ਬੋਤਲ ਆ ਜਾਏ ਤੇ ਕਈ ਵਾਰੀ ਤੇ ਉਹ ਵੀ ਮੰਗ ਕੇ ਪੀਂਦੇ ਨੇ, ਘਰ ਦਿਆਂ ਨੇ ਪੁੱਤਰ, ਪਤੀ, ਭਰਾ ਕਮਾਈ ਲਈ ਭੇਜਿਆ ਹੁੰਦੈ ਲੱਖਾਂ ਰੁਪਇਆ ਖਰਚ ਕੇ ਤੇ ਇਧਰ ਪਤਾ ਉਦੋਂ ਲਗਦੈ ਜਦੋਂ ਸ਼ਰਾਬ ਦੀ ਵਜ੍ਹਾ ਨਾਲ ਆਪ ਤੇ ਮਰ ਜਾਂਦੇ ਨੇ ਤੇ ਮਗਰ ਪਰਿਵਾਰ ਨੂੰ ਵੀ ਮਰਿਆਂ ਬਰਾਬਰ ਕਰ ਕੇ ਸੁੱਟ ਜਾਂਦੇ ਨੇ, ਤੇ ਕਈ ਵਾਰ ਨਸ਼ੇ ਦੀ ਹਾਲਤ ਵਿਚ ਚੂਰ ਕੁੱਟ ਕੁਟਾਪਾ ਵੀ ਕਰਦੇ ਨੇ।” ''ਅੱਛਾ ਬਾਹਰ ਜਾ ਕੇ ਵੀ ਦੀਸ਼ਿਆ ਬੰਦੇ ਆਪਣੇ ਪੂਰੀ ਅੰਨੀ ਪਾਉਂਦੇ ਨੇ, ਮੈਂ ਤੇ ਕਿਹਾ ਬਈ ਇਧਰ ਈ ਹਾਲਾਤ ਖਰਾਬ ਨੇ।” ''ਤੇ ਹੋਰ ਕੀ ਦੀਪਿਆ ਆਪਣੇ ਦੇਸ਼ 'ਚੋਂ ਅਗਰ ਹੇਰਾਫੇਰੀ ਤੇ ਨਸ਼ਾ ਜੇਕਰ ਨਿਕਲ ਜਾਏ ਤਾਂ ਆਪਣਾ ਦੇਸ਼ ਸੋਨੇ ਦੀ ਚਿੜੀ ਬਣ ਜਾਏ, ਲੋਕਾਂ ਜਿੰਨਾ ਪੈਸਾ ਹੇਰਾਫੇਰੀ ਕਰ, ਚੋਰ ਬਜਾਰੀ ਕਰ ਵਿਦੇਸ਼ਾਂ ਵਿਚ ਜਮਾਂ ਕਰਵਾਇਆ ਹੋਇਆ ਏ ਅਗਰ ਵਾਪਸ ਆਪਣੇ ਦੇਸ਼ ਆ ਜਾਵੇ ਤੇ ਗਰੀਬ, ਗਰੀਬ ਨਾ ਰਹਿਣ, ਸਭ ਨੂੰ ਦੋ ਵੇਲੇ ਦੀ ਰੋਟੀ ਮਿਲੇ।” ''ਬਈ ਮਾਸਟਰ ਜੀ ਆਹ ਬਾਬੇ ਰਾਮਦੇਵ ਤੇ ਹੋਰਾਂ ਨੇ ਮੁਹਿੰਮ ਚੁੱਕੀ ਤੇ ਏ ਦੇਖਦੇ ਆਂ ਭਲਾ ਕੀ ਸਿੱਟੇ ਨਿਕਲਦੇ ਨੇ? ਲੋਕੀ ਇਕੱਠੇ ਹੋ ਕੇ ਤੁਰੇ ਤੇ ਨੇ ਇਸ ਲੜਾਈ ਵਿਚ, ਅੱਜ ਸਭ ਇਸ ਭ੍ਰਿਸ਼ਟਾਚਾਰ ਤੋਂ ਤੰਗ ਨੇ ਬੱਚਾ ਵੀ ਤੇ ਬੁੱਢਾ ਵੀ, ਸਰਕਾਰ ਨੂੰ ਕੁਝ ਕਰਨਾ ਪਊ ਹੁਣ ਤੇ।” ''ਸੇਮੀ ਸਰਕਾਰ ਕੀ ਕਰੂ, ਕਿਉਂਕਿ ਹਮਾਮ ਵਿਚ ਸਾਰੇ ਨੰਗੇ ਨੇ, ਸਾਰੇ ਦੇ ਸਾਰੇ ਚੋਰ ਨੇ, ਅੱਜ ਜਿਹੜੇ ਵਿਰੋਧੀ ਪਾਰਟੀ ਵਾਲੇ ਥੋੜਾ ਰੌਲਾ ਪਾਉਂਦੇ ਨੇ ਖਾਤੇ ਉਨ੍ਹਾਂ ਦੇ ਵੀ ਬਾਹਰ ਈ ਨੇ, ਉਨ੍ਹਾਂ ਨੂੰ ਪਤੈ ਬਈ ਬੱਲੇ ਬੱਲੇ ਤਾਂ ਕਰਾਓ ਹੋਰ ਹੋਣਾ ਤੇ ਕੁਝ ਨਹੀਂ, ਇਹ ਤਾਂ ਮਾਮਲਾ ਵਿਦੇਸ਼ਾਂ ਵਿਚ ਬੈਂਕਾਂ ਦੇ ਖਾਤੇ ਦਾ ਏ ਇਧਰ ਆਪਣੇ ਦੇਸ਼ ਵਿਚ ਕਿੰਨੇ ਘਪਲੇ ਹੁੰਦੇ ਨੇ, ਉਨਾਂ ਦਾ ਕੀ ਕਰ ਲਿਆ ਕਿਸੇ ਨੇ? ਕਮਿਸ਼ਨ 'ਤੇ ਕਮਿਸ਼ਨ ਬੈਠਾਏ ਤੇ ਮਾਮਲਾ ਸਾਲਾਂ ਬੱਧੀ ਲੰਘ ਜਾਣ 'ਤੇ ਵੀ ਭ੍ਰਿਸ਼ਟ ਨੇਤਾ, ਮਨਿਸਟਰ ਬਣੀ ਬੈਠੇ ਨੇ।” ''ਠੀਕ ਏ ਮਾਸਟਰ ਜੀ, ਇਨ੍ਹਾਂ ਦਾ ਹਾਲ ਵੀ ਕਲਾਸ 'ਚ ਬੈਠੇ ਉਨ੍ਹਾਂ ਵਿਦਿਆਰਥੀਆਂ ਵਰਗਾ ਹੁੰਦੈ ਜੋ ਸਵਾਲ ਨਾ ਆਉਂਦਾ ਹੋਣ 'ਤੇ ਵੀ ਥੋੜਾ ਜਿਹਾ ਹੱਥ ਉਤਾਂਹ ਕਰ ਲੈਂਦੇ ਨੇ, ਜੇ ਮਾਸਟਰ ਨੇ ਪੁੱਛ ਲਿਆ ਤਾਂ ਪੈਣੀਆਂ ਨੇ ਤੇ ਜੇ ਨਾ ਪੁੱਛਿਆ ਤਾਂ ਪੌਂ ਬਾਰਾਂ।” ''ਰੌਲਾ ਰੱਪਾ ਤੇ ਪਾਓ ਤੇ ਵਿਰੋਧੀ ਵਾਲਾ ਫਰਜ ਅਦਾ ਕਰੋ, ਵੋਟਾਂ ਵੀ ਲੈਣੀਆਂ ਨੇ, ਜੇਕਰ ਆਪਣਾ ਰਾਜ ਆ ਗਿਆ ਤਾਂ ਕਰਨਾ ਤਾਂ ਆਪਾਂ ਵੀ ਕੁਝ ਨਹੀਂ, ਸਗੋਂ ਬਾਹਰਲੇ ਖਾਤੇ ਵਿਚ ਥੋੜਾ ਹੋਰ ਇਜਾਫ਼ਾ ਕਰਨਾ ਏ, ਰੌਲਾ ਤੇ ਪੈਂਦਾ ਰਹਿਣਾ ਜਦੋਂ ਰਾਜ ਕਰਦੀ ਪਾਰਟੀ, ਵਿਰੋਧੀ ਪਾਰਟੀ ਬਣ ਗਈ ਤਾਂ ਰੌਲਾ ਤਾਂ ਇਨ੍ਹਾਂ ਵੀ ਪਾਉਣੈ, ਤੇ ਜਿਹੜੀ ਅੱਜ ਵਿਰੋਧੀ ਪਾਰਟੀ ਏ ਉਹਨੇ ਗੱਦੀ 'ਤੇ ਹੋਣਾ ਤੇ ਕਰਨਾ ਕਿਸੇ ਨੇ ਕੁਝ ਨਹੀਂ, ਬੱਸ ਲੋਕਾਂ ਨੂੰ ਮੂਰਖ ਬਨਾਉਣਾ ਏ ਤੇ ਅਸੀਂ ਵੀ ਐਸੇ ਢੀਠ ਆਂ ਬਈ ਸਭ ਭੁੱਲ ਕੇ ਅਗਲੀ ਵਾਰ ਫਿਰ ਲਾਰਿਆਂ 'ਚ ਆ ਜਾਣੈ।” ''ਗੱਲ ਮਨੋਹਰੀ ਬਾਹਮਣ ਦੀ ਵੀ ਠੀਕ ਏ, ਸਰਕਾਰਾਂ ਬਦਲੀ ਜਾਂਦੀਆਂ ਨੇ ਤੇ ਆਮ ਬੰਦੇ ਦੇ ਹਾਲਾਤ ਅੱਗੇ ਤੋਂ ਵੀ ਵਿਗੜੀ ਜਾਂਦੇ ਨੇ।” ''ਲੈ ਬਈ ਸ਼ਰਾਬ ਤੇ ਵੋਟਾਂ ਨੂੰ ਮਿਲਦੀ ਏ, ਲੱਗਦਾ ਉਦੋਂ ਸਸਤੀ ਹੋ ਜਾਂਦੀ ਏ, ਟੁੱਟਾ ਜਿਹਾ ਲੀਡਰ ਵੀ ਘਰੋ ਘਰੀ ਬੋਤਲਾਂ ਵੰਡਦਾ ਫਿਰਦੈ।” ''ਲੈ ਬਈ ਗੱਲ ਕਿਧਰ ਦੀ ਕਿਧਰ ਪਹੁੰਚ ਗਈ ਤੇ ਬੰਤਾ ਅਮਲੀ ਹਾਲੇ ਵੀ ਸ਼ਰਾਬ ਦੀ ਬੋਤਲ 'ਤੇ ਬੈਠਾ, ਲੱਗਦੈ ਬੰਤੇ ਦੀ ਹੁਣ ਪੀਨਕ ਟੁੱਟੀ ਏ।” ਦੀਪੇ ਨੇ ਅਮਲੀ ਬੰਤੇ 'ਤੇ ਸੀਪ ਲਗਾ ਤੀ। ''ਪਰ ਗੱਲ ਬੰਤੇ ਦੀ ਵੀ ਸੋਚਣ ਵਾਲੀ ਏ ਬਈ ਜਿਹੜੇ ਬੰਦੇ ਘਰੋ ਘਰੀ ਇਕ ਇਕ ਦੋ ਦੋ ਬੋਤਲਾਂ ਸ਼ਰਾਬ ਤੇ ਬੇਹਿਸਾਬੇ ਨਸ਼ੇ ਵੰਡਦੇ ਨੇ, ਉਹ ਦੇਸ਼ ਦਾ ਤੇ ਜਨਤਾ ਦਾ ਕੀ ਭਲਾ ਕਰਨਗੇ? ਪਹਿਲੇ ਤੇ ਸੀਟ 'ਤੇ ਬੈਠਦਿਆਂ ਈ ਪਿਛਲੀਆਂ ਜਿੰਨੀਆਂ ਚੋਣਾਂ 'ਚੋਂ ਹਾਰ ਮਿਲੀ ਏ ਤੇ ਇਸ ਵਾਰ ਦੀਆਂ ਚੋਣਾਂ ਵਿਚ ਹੋਇਆ ਖਰਚਾ ਜਨਤਾ ਦੀਆਂ ਜੇਬਾਂ 'ਚੋਂ ਪੂਰਾ ਕਰਨਗੇ, ਤੇ ਫੇਰ ਭਾਈ ਬੰਤਿਆ ਚੋਣਾਂ ਦੀ ਤਿਆਰੀ ਲਈ ਜੇਬਾਂ ਵੀ ਭਰਨਗੇ ਤੇ ਆਮ ਜਨਤਾ ਦੇ ਖੀਸੇ ਕੱਟਣਗੇ।” ''ਮਾਸਟਰ ਜੀ ਅੱਜਕਲ੍ਹ ਤੇ ਸਰਪੰਚੀ ਦੀਆਂ ਵੋਟਾਂ 'ਚ ਵੀ ਸ਼ਰਾਬ ਪੀ ਪੀ ਬੰਦੇ ਮਰ ਜਾਂਦੇ ਨੇ ਤੇ ਲੋਕੀ ਇਹ ਗੱਲ ਸੋਚਦੇ ਨਹੀਂ ਬਈ ਅੱਜ ਤੇ ਉਹ ਪਿਆਈ ਜਾਂਦੇ ਨੇ ਤੇ ਕੱਲ੍ਹ ਨੂੰ ਉਨ੍ਹਾਂ ਨੇ ਤੁਹਾਡਾ ਖੂਨ ਪੀਣਾ ਏ ਫਿਰ ਕੀ ਹੋਊ?” ''ਬਾਕੀ ਇਕ ਗੱਲ ਦੱਸਾਂ ਮਾਸਟਰ ਜੀ ਅੱਜ ਸਮਾਂ ਇਹੋ ਜਿਹਾ ਆ ਗਿਆ ਏ ਬਈ ਜਿਸਦਾ ਜਿੰਨਾ ਕੁ ਹੱਥ ਪੈਂਦੈ, ਉਹ ਉਨੀ ਕੁੰਡੀ ਮਾਰ ਈ ਲੈਂਦੈ, ਵੇਲੇ ਕੁਵੇਲੇ ਕੇਨ ਤੇਲ ਦਾ ਫੌਜੀ ਵੀ ਵੇਚ ਲੈਂਦੇ ਨੇ, ਜਿਹੜੀ ਸਭ ਤੋਂ ਇਮਾਨਦਾਰੀ ਦੀ ਨੌਕਰੀ ਏ।” ''ਗਿਆਨੀ ਜੀ ਕੁੰਡੀਮਾਰ ਬਾਬਿਆਂ ਦੀ ਤਾਂ ਭਰਮਾਰ ਵਿਦੇਸ਼ਾਂ ਵਿਚ ਬਹੁਤ ਏ, ਉਹ ਵੀ ਦੂਜੇ ਦੀ ਕਮਾਈ 'ਤੇ ਸਮਾਂ ਲੱਗਦੇ ਈ ਕੁੰਡੀ ਮਾਰ ਈ ਲੈਂਦੇ ਨੇ, ਤੇ ਕਈਆਂ ਨੇ ਤੇ ਕਿਸੇ ਕਿਸੇ ਦੀ ਕਮਾਈ ਖਾਣ ਲਈ ਆਪਣੇ ਆਪ ਨੂੰ ਇਨਾ ਗਿਰਾਇਆ ਹੋਇਆ ਏ ਬਈ ਆਪਣੇ ਸਕੇ ਜੀਜੇ ਦੀ ਕਮਾਈ ਖਾਣ ਨੂੰ ਆਪਣਾ ਪਰਮੋ ਧਰਮ ਸਮਝਦੇ ਨੇ, ਆਪਣਾ ਮਤਲਬ ਹੱਲ ਕਰਨ ਲਈ ਇਹੋ ਜਿਹਿਆਂ ਨੂੰ ਭਾਵੇਂ ਕਿਸੇ ਦੀਆਂ ਜੜਾਂ ਵੱਢਣੀਆਂ ਪੈਣ, ਫਿਰ ਉਸ ਲਈ ਭਾਵੇਂ ਮਾਲਕ ਦੀਆਂ ਲੱਤਾਂ ਘੁੱਟਣੀਆਂ ਪੈਣ, ਮਾਲਿਸ਼ਾਂ ਕਰਨੀਆਂ ਪੈਣ ਜਾਂ ਚੌਵੀ ਘੰਟੇ ਚਮਚਾਗਿਰੀ ਕਰਨੀ ਪਵੇ, ਇਹੋ ਜਿਹੇ ਬੰਦਿਆਂ ਦੀ ਆਪਣੀ ਇੱਜਤ ਕੁਝ ਨਹੀਂ ਏ ਉਹ ਇਸ ਲਈ ਕਿੰਨਾ ਕੁ ਥੱਲੇ ਡਿੱਗਦੇ ਨੇ ਬਈ ਮੈਂ ਦੱਸ ਨਹੀਂ ਸਕਦਾ, ਜਿਹੜੇ ਆਪਣੀ ਮਾਂ ਨੂੰ ਬੁਲਾ ਕੇ ਮਾਲਕਾਂ ਦੇ ਘਰੀਂ ਕੰਮ ਕਰਾਉਂਦੇ ਨੇ, ਮਾਲਕ ਦੇ ਘਰ ਦੀ ਬਗੀਚੀ ਵਿਚੋਂ ਨਹੁੰਆਂ ਨਾਲ ਘਾਹ ਪੁਟਵਾਉਂਦੇ ਨੇ ਤੇ ਫਿਰ ਇਹੋ ਜਿਹੇ ਚਮਚਾਗਿਰੀ ਲਈ ਆਪਣੀ ਮਾਂ ਦੇ ਥੱਪੜ ਮਾਰਨ ਤੋਂ ਵੀ ਗੁਰੇਜ ਨਹੀਂ ਕਰਦੇ।” ''ਲੈ ਬਈ ਦੀਸ਼ਿਆ ਆਪਣੇ ਬੰਦੇ ਇੰਨੇ ਗਿਰ ਗਏ ਨੇ ਹੈਰਾਨੀ ਦੀ ਗੱਲ ਏ, ਕੀ ਪੈਸਾ ਈ ਸਭ ਕੁਝ ਹੋ ਗਿਆ ਏ ਜੋ ਇਨਸਾਨੀ ਕਦਰਾਂ ਕੀਮਤਾਂ ਭੁੱਲ ਗਿਆ ਏ ਇਨਸਾਨ।” ''ਗਿਆਨੀ ਜੀ ਇਹੋ ਜਿਹੇ ਬੰਦੇ ਮਾਲਕ ਕੋਲੋਂ ਪੈਸੇ ਲੈ ਕੇ ਅੱਗੇ ਕੰਮ ਕਰਨ ਵਾਲੇ ਬੰਦਿਆਂ ਨੂੰ ਦਿੰਦੇ ਨਹੀਂ ਤੇ ਜੇਕਰ ਦਿੰਦੇ ਵੀ ਨੇ ਤਾਂ ਬਹੁਤ ਘੱਟ, ਇਹੋ ਜਿਹਿਆਂ ਨੂੰ ਇਹ ਨਹੀਂ ਪਤਾ ਬਈ ਜੇ ਉੱਪਰ ਵਾਲੇ ਨੇ ਇਨ੍ਹਾਂ ਦਾ ਹਿਸਾਬ ਕੀਤਾ ਤਾਂ ਫਿਰ ਕੀ ਹੋਊ ਤੇ ਸਿਆਣੇ ਕਹਿੰਦੇ ਨੇ ਬਈ ਬੰਦਾ ਜੋੜੇ ਪਲੀ ਪਲੀ ਤੇ ਰਾਮ ਲੁਟਾਏ ਕੁੱਪਾ, ਤੇ ਫਿਰ ਭਰਿਆ ਪਿਆਲਾ ਇਵੇਂ ਈ ਡੁੱਲ ਜਾਂਦੈ।” ''ਦੀਸ਼ਿਆ ਜਿਹੜੇ ਕਰਦੇ ਨੇ ਪਹਿਲਾਂ ਨਹੀਂ ਸੋਚਦੇ ਲਾਲਚਵਸ ਸਭ ਕਰੀ ਜਾਂਦੇ ਨੇ ਫਿਰ ਰੱਬ ਦੀ ਲਾਠੀ ਬੇਅਵਾਜ ਹੁੰਦੀ ਏ ਇਸਦਾ ਧਿਆਨ ਭੁਲਾ ਦਿੰਦੇ ਨੇ।” ''ਠੀਕ ਏ ਗਿਆਨੀ ਜੀ, ਜਿਹੜਾ ਕਰੂ ਆਪੇ ਭਰੂ, ਗਿਆਨੀ ਜੀ ਆਹ ਜਿਹੜੇ ਸਿਰ ਮੂੰਹ ਮੁਨਾ ਕੇ ਰੋਡੇ ਹੋਈ ਜਾਂਦੇ ਨੇ ਉਨ੍ਹਾਂ ਬਾਰੇ ਆਪਦੇ ਕੀ ਵਿਚਾਰ ਨੇ?” ''ਮਾਸਟਰ ਜੀ, ਬੱਚਿਆਂ ਦੀ ਪਰਵਰਿਸ਼ ਵਿਚ ਵੱਡੀਆਂ ਕਮੀਆਂ ਈ ਇਸਦਾ ਕਾਰਨ ਏ, ਤੇ ਇਸ ਲਈ ਜਿਆਦਾ ਜਿੰਮੇਵਾਰ ਬੀਬੀਆਂ ਨੇ, ਅੱਜ ਰੁਝਾਨ ਈ ਹੋ ਗਿਆ ਏ ਬਈ ਸਿੱਖਾਂ ਦੀਆਂ ਕੁੜੀਆਂ ਦਾਹੜੀ ਮੁੰਨੇ ਨਾਲ ਮਤਲਬ ਕਿ ਕਲੀਨ ਸ਼ੇਵ ਵਾਲੇ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਨੇ, ਕਲੀਨ ਸ਼ੇਵ ਕਿਵੇਂ ਹੋਏ, ਉਹ ਤੇ ਡਰਟੀਸ਼ੇਵ ਹੋਏ ਜਿਨ੍ਹਾਂ ਨੇ ਆਪਦਾ ਸਰੂਪ ਗਵਾ ਲਿਆ, ਭਾਈ ਇਕ ਸਮਾਂ ਸੀ ਜਦੋਂ ਗੈਰ ਸਿੱਖ ਪਰਿਵਾਰਾਂ ਵਿਚੋਂ ਵੀ ਸਿੱਖ ਸੱਜ ਰਹੇ ਸਨ ਤੇ ਅੱਜ ਸਿੱਖਾਂ ਦੇ ਘਰਾਂ ਵਿਚ ਸਿਰਗੁੰਮ ਪੈਦਾ ਹੋ ਰਹੇ ਹਨ, ਜੋ ਕਿ ਪੂਰੇ ਪਰਿਵਾਰ 'ਤੇ ਕਲੰਕ ਨੇ, ਸਮਝ ਲਓ ਉਸ ਪਰਿਵਾਰ ਦੀਆਂ ਜੜਾਂ ਮੁੱਕਣੀਆਂ ਸ਼ੁਰੂ ਹੋ ਗਈਆਂ ਨੇ, ਅੱਜ ਬੀਬੀਆਂ ਵੀ ਬੱਚਿਆਂ ਦੇ ਕੇਸਾਂ ਦੀ ਸੰਭਾਲ ਤੋਂ ਡਰਦੀਆਂ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਬੱਚੇ ਦੇ ਕੇਸ ਕਤਲ ਕਰਾ ਦਿੰਦੀਆਂ ਨੇ ਤੇ ਉਹ ਬੱਚਾ ਸਮਝ ਲਓ ਸਦਾ ਲਈ ਸਿੱਖੀ ਸਰੂਪ ਤੋਂ ਵਾਂਝਾ ਹੋ ਗਿਆ, ਉਹ ਇਕ ਇਕ ਕਦਮ ਸਿੱਖੀ ਤੋਂ ਦੂਰ ਹੁੰਦਾ ਜਾਵੇਗਾ।” ''ਗਿਆਨੀ ਜੀ ਗੱਲ ਆਪਦੀ ਸੋਲਾਂ ਆਨੇ ਖਰੀ ਏ, ਸਿਆਣੇ ਕਹਿੰਦੇ ਨੇ ਇਕ ਧੀ ਤਿੰਨ ਕੁਲ੍ਹਾਂ ਤਾਰਦੀ ਏ, ਤੇ ਜੇ ਉਹ ਧੀ ਧਿਆਣੀ ਈ ਕਹੇ ਕਿ ਮੈਂ ਘੋਨੇ ਮੋਨੇ ਨਾਲ ਵਿਆਹ ਕਰਵਾਉਣਾ ਏ ਤੇ ਫਿਰ ਤੁਸੀਂ ਆਪ ਈ ਸੋਚ ਲਓ ਕਿ ਸਿੱਖੀ ਕਿੰਨੀ ਅੱਗੇ ਵਧੇਗੀ?” ''ਮਾਸਟਰ ਜੀ ਅਸੀਂ ਅੱਜ ਸੁਚੇਤ ਹੋਣ ਦੀ ਬਜਾਇ ਆਪਣੀਆਂ ਜੜਾਂ ਆਪ ਈ ਵੱਢੀ ਜਾਂਦੇ ਆਂ, ਸਾਡੇ ਚਾਰ ਚੁਫੇਰੇ ਤੋਂ ਦੁਸ਼ਮਣ ਸਿੱਖੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੇਕਰ ਅਸੀਂ ਆਪਣੇ ਪਰਿਵਾਰ ਨੂੰ ਦ੍ਰਿੜ ਕਰੀਏ ਕਿ ਸਿੱਖੀ ਸਰੂਪ ਤੋਂ ਦੂਰ ਨਹੀਂ ਹੋਣਾ, ਉਨ੍ਹਾਂ ਨੂੰ ਸਿੱਖੀ ਨਾਲ ਜੋੜੀਏ ਤੇ ਬਾਹਰੀ ਦੁਸ਼ਮਣਾਂ ਤੋਂ ਬਚ ਸਕਦੇ ਹਾਂ, ਨਹੀਂ ਤਾਂ ਆਪਣੇ ਬੱਚਿਆਂ ਦੇ ਕੇਸ ਕਤਲ ਕਰਵਾ ਕੇ ਸਭ ਤੋਂ ਵੱਡੇ ਦੁਸ਼ਮਣ ਤੁਸੀਂ ਆਪ ਹੋ ਸਿੱਖੀ ਦੇ, ਬਾਕੀ ਗੁਰੂ ਪਾਤਸ਼ਾਹ ਸਭ ਨੂੰ ਸੁਮੱਤ ਬਖਸ਼ੇ!” ਕਹਿੰਦੇ ਭਾਈ ਰਾਮ ਸਿੰਘ ਖੁੰਡ ਤੋਂ ਤੁਰ ਪਏ, ਤੇ ਹੌਲੀ ਹੌਲੀ ਬਾਕੀ ਵੀ ਘਰਾ ਨੂੰ ਤੁਰ ਪਏ।

alt

Joomla Templates and Joomla Extensions by ZooTemplate.Com

ਸਮਾਂ ਬਦਲ ਗਿਆ ਏ ....

''ਚੱਲ ਬਈ ਭਿੰਦੇ ਤੈਨੂੰ ਮੈਂ ਅੱਜ ਬੰਦੇ ਦਾ ਪੁੱਤ ਬਣਾਉਂਦਾ, ਜੇ ਨਾ ਬਣਾਇਆ ਤਾਂ ਮੈਨੂੰ ਜੱਟ ਦਾ ਪੁੱਤ ਨਾ ਆਖੀਂ।” ''ਬਈ ਦੀਪੇ ਕੀ ਪਹਿਲਾਂ ਭਿੰਦਾ ਬੰਦੇ ਦਾ ਪੁੱਤ ਨਹੀ?” ''ਨਹੀਂ ਜੀ ਪਹਿਲਾਂ ਉਹ ਜੱਟ ਦਾ ਪੁੱਤ ਏ ਮਾਸਟਰ ਜੀ।” ਅਮਲੀ ਬੰਤੇ ਨੇ ਬਿਨਾਂ ਸਮਾਂ ਗਵਾਏ ਹਲੂਣਾ ਦੇ ਦਿੱਤਾ ਤੇ ਸਾਰੇ ਖੁੰਡ 'ਚ ਹਾਸਾ ਪੈ ਗਿਆ ਤੇ ਦੀਪਾ ਅਮਲੀ ਦੇ ਮੂੰਹ ਕੰਨੀ ਝਾਕਦਾ ਈ ਰਹਿ ਗਿਆ। ''ਅੱਜ ਲੱਗਦਾ ਦੀਪੇ ਵਿਚ ਜੱਟ ਜਾਗ ਪਿਆ ਏ ਕੁਝ ਨਾ ਕੁਝ ਕਰੂਗਾ ਜਰੂਰ।” ''ਮਾਸਟਰ ਜੀ ਕਰਨਾ ਕੀ ਏ ਜਾਂ ਤੇ ਜਾ ਕੇ ਕੰਧ 'ਚ ਸਿਰ ਮਾਰੂ ਤੇ ਜਾਂ ਕਿਸੇ ਤੋਂ ਨਜਾਇਜ ਈ ਜੁੱਤੀਆਂ ਖਾ ਲਊ ਤੇ ਹੋਰ ਇੰਨੇ ਕੀ ਕਰਨੈ?” ''ਲੈ ਰਹਿਣ ਦੇ ਚਾਚਾ ਫੌਜੀ ਜੇ ਮੈਂ ਕਰਨ 'ਤੇ ਆ ਗਿਆ ਤਾਂ ਬਹੁਤ ਕੁਝ ਕਰ ਸਕਨੈਂ, ਲੈ ਚਾਚਾ ਫੌਜੀ ਤੂੰ ਕਹਿੜਾ ਫੌਜ 'ਚੋਂ ਇਨਾਮ ਲੈ ਕੇ ਆਇਆਂ, ਤੇਰੇ ਵਰਗੇ ਫੌਜੀ ਲੜਾਈ ਲੱਗੀ ਤੋਂ ਸਾਬਣ ਘੋਲ ਕੇ ਈ ਪੀ ਜਾਂਦੇ ਨੇ ਬਈ ਮੈਨੂੰ ਤੇ ਟੱਟੀਆਂ ਲੱਗੀਆਂ ਹੋਈਆਂ ਨੇ ਬਈ ਮੈਂ ਨਹੀਂ ਜੰਗ ਲੜਨ ਜਾ ਸਕਦਾ।” ਦੀਪੇ ਨੇ ਫੌਜੀ ਨੂੰ ਟਾਇਟ ਕਰਤਾ। ''ਤੇ ਦੀਪਿਆ ਤੈਨੂੰ ਕੀ ਪਤਾ ਫੌਜ ਦਾ ਤੇਰੇ ਵਰਗੇ ਨੂੰ ਤਾਂ ਪਹਿਲੀ ਗੱਲ ਫੌਜ 'ਚ ਭਰਤੀ ਈ ਨਹੀਂ ਕਰਦੇ, ਜੇ ਕਰ ਲੈਣ ਤਾਂ ਟਰੇਨਿੰਗ 'ਚੋਂ ਹਸਪਤਾਲ ਭਰਤੀ ਹੋ ਜਾਂਦੇ ਨੇ, ਪਤਾ ਉਦੋਂ ਲੱਗਦਾ ਜਦੋਂ ਆਪਣਾ ਸਮਾਨ ਵੀ ਕੈਂਪ 'ਚ ਛੱਡ ਕੇ ਈ ਭਗੌੜੇ ਹੋ ਜਾਂਦੇ ਨੇ।” ''ਗੱਲ ਤੇ ਫੌਜੀਆਂ ਤੇਰੀ ਠੀਕ ਏ, ਪਿੱਛੇ ਜਿਹੇ ਦੀਪੇ ਹੁਰਾਂ ਨੂੰ ਇਕ ਹੋਰ ਸ਼ੌਕ ਜਾਗਿਆ, ਇਨ੍ਹਾਂ ਕੁੱਤੇ ਰੱਖ ਲਏ ਸ਼ਿਕਾਰੀ ਤੇ ਸ਼ਿਕਾਰ ਕਰਨ ਜਾਣ ਲੱਗ ਪਏ।” ''ਤੇ ਫਿਰ ਮਾਸਟਰ ਜੀ ਫਿਰ ਕੀ ਹੋਇਆ?” ''ਫਿਰ ਕੀ ਦੀਸ਼ਾ ਸਿੰਹਾਂ ਰੋਟੀ ਤੇ ਇਨ੍ਹਾਂ ਨੂੰ ਆਪ ਰੱਜ ਕੇ ਨਹੀਂ ਮਿਲਦੀ ਤੇ ਕੁੱਤਿਆਂ ਨੂੰ ਕੀ ਪਾਉਣਾ ਸੀ? ਤੇ ਫਿਰ ਕਿਤੇ ਗਲਤੀ ਨਾਲ ਸੈਹਾ ਨਿਕਲ ਵੀ ਪਏ ਤੇ ਸੈਹਾ ਕਿਧਰੇ ਭੱਜ ਜਾਂਦੈ ਕੁੱਤੇ ਕਿਤੇ ਡਿੱਗੇ ਹੁੰਦੇ ਸਨ ਤੇ ਦੀਪੇ ਹੁਰੀਂ ਕਿਤੇ।” ਦੀਪੇ ਨੇ ਗੱਲ ਕਰਕੇ ਪੰਗਾ ਈ ਲੈ ਲਿਆ। ''ਇੰਝ ਨਹੀਂ ਮਾਸਟਰ ਜੀ ਕਈ ਵਾਰੀ ਸ਼ਿਕਾਰ ਕਰਕੇ ਲਿਆਂਦਾ ਏ।” ਬਈ ਹੋਰ ਗੱਲਾਂ ਦੀਆਂ ਗੱਲਾਂ ਪਹਿਲਾਂ ਤੇ ਜੱਟ ਉਂਝ ਈ ਭੂਤਰਿਆ ਮਾਣ ਨਹੀਂ ਤੇ ਰਹਿੰਦੀ ਕਸਰ ਫ਼ਿਲਮਾਂ ਵਾਲਿਆਂ ਕੱਢ ਦਿੱਤੀ, ਲਓ ਐਸਾ ਵੀ ਸਮਾਂ ਆ ਗਿਆ ਸੀ ਬਈ ਕੋਈ ਫ਼ਿਲਮ ਜੱਟ ਦੇ ਨਾਂਅ ਤੋਂ ਬਿਨਾਂ ਨਹੀਂ ਸੀ ਬਣਦੀ, ਫਿਰ ਰਹਿੰਦੀ ਖੁੰਹਦੀ ਜਮੀਨ ਉਨ੍ਹਾਂ ਵਿਕਵਾ ਦਿੱਤੀ, ਅੱਜ ਸਮਾਂ ਅਜਿਹਾ ਏ ਕਿ ਕੁਝ ਜੱਟ ਐਸੇ ਵੀ ਨੇ ਜਿਹੜੇ ਬਾਹਮਣਾਂ ਦੀ ਦੁਕਾਨ ਤੋਂ ਸਾਗ ਮੁੱਲ ਲੈ ਕੇ ਬਣਾਉਂਦੇ ਨੇ, ਹੈ ਕਿ ਨਾ ਪੰਡਤ ਜੀ?” ਮਾਸਟਰ ਨੇ ਕੋਲ ਬੈਠੇ ਮਨੋਹਰੀ ਬਾਹਮਣ ਨੂੰ ਵੀ ਲਪੇਟ ਲਿਆ। ''ਬਈ ਤੁਸੀਂ ਕਦੀ ਕੋਟ ਕਚਹਿਰੀ 'ਚ ਪੰਡਤਾਂ ਦੇ ਮੁਕੱਦਮੇ ਵੀ ਚੱਲਦੇ ਦੇਖੇ ਨੇ? ਬਈ ਉਹ ਦਿਮਾਗ ਤੋਂ ਕੰਮ ਲੈਂਦੇ ਨੇ ਤੇ ਮੌਕਾ ਆਉਣ 'ਤੇ ਕਲਮ ਦੀ ਸੱਟ ਮਾਰਦੇ ਨੇ ਤੇ ਜੱਟ ਵਿਚਾਰਾ ਚਾਰੇ ਖਾਨੇ ਚਿੱਤ।” ''ਬਈ ਸਾਡੇ ਕੋਲ ਕਿਹੜਾ ਜਮੀਨਾਂ ਹੁੰਦੀਆਂ ਨੇ ਜਿਹੜਾ ਅਸੀਂ ਉਨਾਂ ਦੀ ਖਾਤਰ ਲੜਨੈ, ਜੱਟ ਤੇ ਐਵੇਂ ਬੰਨੇ 'ਤੇ ਘਾਹ ਬਦਲੇ ਈ ਲੜ ਪੈਂਦੇ ਨੇ।” ''ਪਰ ਪੰਡਤ ਜੀ ਜੇਕਰ ਜਮੀਨ ਹੋਵੇ ਵੀ ਫਿਰ ਵੀ ਕਿਹੜਾ ਤੁਸੀਂ ਲੜਨੈ।” ਦੀਪੇ ਨੇ ਮਨੋਹਰੀ ਬਾਹਮਣ 'ਤੇ ਸੀਪ ਲਾਤੀ। ''ਇਕ ਗੱਲ ਏ ਬਈ ਕਈ ਬੰਦਿਆਂ 'ਚ ਜੱਟ ਕਦੀ ਕਦੀ ਜਾਗਦੈ ਦੀਪੇ ਵਾਂਗਰ ਤੇ ਕਈਆਂ 'ਚ ਉਦੋਂ ਜਾਗਦੈ ਜਦੋਂ ਚਾਰ ਘੁੱਟ ਦਾਰੂ ਪੀਤੀ ਹੋਵੇ, ਫਿਰ ਗੱਲ ਗੱਲ 'ਤੇ ਆਪਣੇ ਆਪ ਨੂੰ ਜੱਟ ਦਾ ਪੁੱਤ ਕਹਿਕੇ ਵਡਿਆਉਣਗੇ, ਜਿਵੇਂ ਅੱਗੇ ਭਈਏ ਨਾਲ ਗੱਲ ਕਰਦੇ ਹੋਣ, ਬੱਸ ਫਿਰ ਸ਼ੀਤ ਲਹਿਰ 'ਚ ਆ ਕੇ ਕਿਸੇ ਨੂੰ ਗਾਲ ਕੱਢ ਬੈਠਦੇ ਨੇ ਤੇ ਛਿੱਤਰਾਂ ਦਾ ਜੁਗਾੜ ਕਰ ਲੈਂਦੇ ਨੇ।” ਮਨੋਹਰੀ ਪੰਡਤ ਬੋਲਿਆ। ''ਹਾਂ ਜੀ ਕਈ ਵਾਰੀ ਕਹਿੰਦੇ ਨੇ ਬਈ ਮਾੜੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ, ਤੇ ਕਈ ਵਾਰੀ ਕਿਸੇ ਮਾੜੇ ਬੰਦੇ ਨੂੰ ਕੋਈ ਅਹੁਦਾ, ਕੋਈ ਚੌਧਰ ਮਿਲ ਜਾਏ ਤੇ ਉਹ ਤੇ ਉਹ ਨਾਲ ਦੀ ਟਟਪੂੰਜ ਵੀ ਨਹੀਂ ਮਾਣ, ਉਹ ਐਸੇ ਜਣੇ ਖਣੇ ਨਾਲ ਸਿੰਙ ਫਸਾਈ ਜਾਣਗੇ ਬਈ ਮੈਂ ਸਰਪੰਚ ਦਾ ਰਿਸ਼ਤੇਦਾਰ, ਬਈ ਮੈਂ ਫਲਾਣੇ ਦਾ ਯਾਰ ਦੋਸਤ, ਤੇ ਫਿਰ ਇਕ ਹੱਦ ਤੱਕ ਲੋਕ ਬਰਦਾਸ਼ਤ ਕਰਦੇ ਨੇ, ਉਸ ਤੋਂ ਬਾਅਦ ਤੇ ਉਹ ਗੱਲ ਬਈ ਪਹਿਲਾਂ ਪਿਆਰ ਨਾਲ ਸਮਝਾਉਂਦੇ ਨੇ ਤੇ ਫਿਰ ਜੁੱਤੀ ਲਾਉਂਦੇ ਨੇ।” ''ਮਾਸਟਰ ਜੀ ਬੰਦੇ ਆਪਣੇ ਬਾਹਰ ਜਾ ਕੇ ਵੀ ਨਹੀਂ ਸੁਧਰੇ, ਉੱਥੇ ਵੀ ਦਾਰੂ ਪੀ ਕੇ ਐਵੇਂ ਈ ਅਗਲੇ 'ਤੇ ਰੋਅਬ ਪਾਉਣਗੇ ਬਈ ਮੈਂ ਫਲਾਣੇ ਦਾ ਭਰਾ ਵਾਂ, ਇਕ ਹੱਦ ਤੱਕ ਤੇ ਲੋਕ ਉਸ ਬੰਦੇ ਦਾ ਲਿਹਾਜ ਕਰਕੇ ਉਸਨੂੰ ਕੁਝ ਨਹੀਂ ਕਹਿੰਦੇ ਤੇ ਜਦੋਂ ਹੱਦ ਲੰਘ ਜਾਂਦੀ ਏ ਨਾ ਫਿਰ ਜਿਵੇਂ ਵਾਹਣ 'ਚ ਇੱਲ ਕੁੱਟੀਦੀ ਏ ਨਾ ਉਵੇਂ ਕੁੱਟਦੇ ਨੇ ਤੇ ਫਿਰ ਰੋਅਬ ਮਾਰਨ ਆਏ ਉਸ ਬੰਦੇ, ਜਿਸਦੀ ਲੋਕ ਇੱਜਤ ਕਰਦੇ ਸਨ ਫਿਰ ਜੁੱਤੀ ਲਾਹੁਣ ਲੱਗੇ ਟਾਈਮ ਨਹੀਂ ਲਾਉਂਦੇ, ਫਿਰ ਆਟੇ ਨਾਲ ਘੁਣ ਵੀ ਪੀਸਿਆ ਜਾਂਦਾ ਤੇ ਇੱਜਤਦਾਰ ਆਦਮੀ ਇਹੋ ਜਿਹੇ ਘਟੀਆ ਰਿਸ਼ਤੇਦਾਰ ਦੋਸਤ ਮਿੱਤਰ ਲਈ ਆਪਣੀ ਇੱਜਤ ਵੀ ਗਵਾ ਬਹਿੰਦੈ।” ''ਕਈ ਬੰਦਿਆਂ ਦੀ ਆਦਤ ਹੁੰਦੀ ਈ ਹੁੰਦੀ ਏ ਬਈ ਦਸੀਂ ਪੰਦਰੀਂ ਦਿਨੀਂ ਆਪਣੇ 'ਤੇ ਹੱਥ ਹੌਲਾ ਕਰਵਾਉਣ ਦੀ ਉਦੋਂ ਈ ਪਤਾ ਲੱਗਦੈ ਬਈ ਅੱਜ ਫਲਾਣੇ ਥਾਉਂ ਜੁੱਤੀਆਂ ਖਾਧੀਆਂ, ਫਲਾਣੇ ਥਾਉਂ ਬਚ ਗਿਆ।” ''ਗੱਲ ਤੇਰੀ ਠੀਕ ਏ ਦੀਸ਼ਾ ਸਿੰਹਾਂ ਲੋਕੀ ਬਾਹਰ ਗਏ ਵੀ ਨਹੀਂ ਟਲਦੇ ਬਈ ਉੱਥੇ ਕਿਸੇ 'ਤੇ ਕੀ ਰੋਅਬ ਮਾਰਨਾ, ਕਿਹੜਾ ਕਿਸੇ ਨੇ ਕਿਸੇ ਤੋਂ ਲੈ ਕੇ ਖਾਣਾ, ਸਭ ਆਪਦਾ ਕਮਾਉਂਦੇ ਨੇ ਕੋਈ ਘੱਟ ਤੇ ਕੋਈ ਵੱਧ, ਨਾ ਵੱਧ ਵਾਲਾ ਕਿਸੇ ਨੂੰ ਕੁਝ ਦਿੰਦਾ ਤੇ ਨਾ ਘੱਟ ਵਾਲਾ ਮੰਗਦੈ, ਸਭ ਆਪਣੀ ਆਪਣੀ ਦੁਨੀਆਂ 'ਚ ਖੁਸ਼ ਨੇ ਤੇ ਫਿਰ ਰੋਅਬ ਮਾਰਨ ਵਾਲੇ ਨੇ ਜੁੱਤੀਆਂ ਈ ਖਾਣੀਆਂ ਨੇ।” ''ਮਾਸਟਰ ਜੀ ਕਈਆਂ ਨੂੰ ਤੂੰ ਕੌਣ ਮੈਂ ਖਾਮਖਾਹ ਬਣਨ ਦੀ ਆਦਤ ਬਹੁਤ ਹੁੰਦੀ ਏ, ਉਹ ਵਿਚ ਆਪਣੀ ਲੱਤ ਫਸਾ ਲੈਂਦੇ ਨੇ, ਉਨ੍ਹਾਂ ਨਾਲ ਇਵੇਂ ਹੁੰਦੀ ਏ ਜਿਵੇਂ ਇਕ ਪਿੰਡ ਤੋਂ ਆਏ ਬਰਾਤੀ ਆਪਸ ਵਿਚ ਲੜ ਪਏ ਤੇ ਜਿਸ ਪਿੰਡ ਬਰਾਤ ਗਈ ਸੀ ਉਸ ਪਿੰਡ ਦਾ ਕੋਈ ਘੜੰਮ ਚੌਧਰੀ ਉਨ੍ਹਾਂ ਨੂੰ ਛੁਡਾਉਣ ਲੱਗ ਪਿਆ ਤੇ ਉਨ੍ਹਾਂ ਨੇ ਆਪਣੀ ਲੜਾਈ ਛੱਡ ਘੜੰਮ ਚੌਧਰੀ ਢਾਹ ਲਿਆ ਤੇ ਉਸਦੇ ਖੂਬ ਜੁੱਤੀ ਫੇਰੀ ਤੇ ਉਹਨੂੰ ਕਹਿੰਦੇ, 'ਤੂੰ ਮਾਮਾ ਲੱਗਦੈਂ ਅਸੀਂ ਤੇ ਇਕ ਪਿੰਡ ਦੇ ਆਂ ਅਸੀਂ ਤੇ ਰੋਜ ਰੋਜ ਲੜਨੈ ਤੂੰ ਸਾਨੂੰ ਰੋਜ ਛੁਡਾਉਣ ਆਏਂਗਾ।” ''ਬਈ ਕਈ ਵੇਰੀ ਕਈ ਬੰਦੇ ਸੁਲ੍ਹਾ ਕਰਾਉਣ ਆਏ ਲੜਾਈ ਕਰਾ ਦਿੰਦੇ ਨੇ ਆਖਿਰ 'ਚ ਕਹਿ ਦੇਣਗੇ ਬਈ ਵੈਸੇ ਤੁਸੀਂ ਦੋਹਾਂ ਨੇ ਗਾਲਾਂ ਗੰਦੀਆਂ ਵੀ ਕੱਢੀਆਂ ਸੀ ਤੇ ਲੜਾਈ ਬੰਦ ਹੋਈ ਫਿਰ ਚਾਲੂ, ਬਈ ਗਾਲਾਂ ਤੇ ਗੰਦੀਆਂ ਈ ਹੁੰਦੀਆਂ ਨੇ।” ਦੀਸ਼ੇ ਦੀ ਗੱਲ ਕੱਟਦਾ ਸੇਮੀ ਬੋਲਿਆ। ''ਗੱਲ ਸੇਮੀ ਦੀ ਵੀ ਸਹੀ ਏ ਕਈ ਵੇਰੀ ਐਵੇਂ ਈ ਹੁੰਦੈ ਬਈ ਸਿਆਣੇ ਕਹਿੰਦੇ ਨੇ ਮਾੜੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ, ਕਿਸੇ ਬੰਦੇ ਕੋਲ ਪੈਸੇ ਆ ਜਾਣ ਚਾਰ ਜਿਸਨੇ ਪਹਿਲਾਂ ਗਰੀਬੀ ਦੇਖੀ ਹੋਵੇ ਤੇ ਉਹ ਵੀ ਜਮੀਨ 'ਤੇ ਪੈਰ ਨਹੀਂ ਲਾਉਂਦੈ ਫਿਰ ਹਵਾ 'ਚ ਈ ਟੁਰਦੈ, ਫੌਕੀ ਟੌਹਰ 'ਚ ਈ ਆਪਣੇ ਨਾਂਅ ਨਾਲ ਪਹਿਚਾਣ ਦੇ ਤੌਰ 'ਤੇ ਕਹੇਗਾ ਬਈ ਜਿਸ ਕੋਲ ਗੱਡੀ ਏ, ਭਲਾ ਉਸਨੂੰ ਕੋਈ ਪੁੱਛੇ ਬਈ ਤੇਰੇ ਕੱਲੇ ਕੋਲ ਈ ਗੱਡੀ ਏ, ਬਾਹਰ ਤਾਂ ਹਰ ਇਕ ਜਣਾ ਖਣਾ ਗੱਡੀ ਲਈ ਫਿਰਦੈ, ਨਵੀਂ ਤੋਂ ਨਵੀਂ, ਤੂੰ ਕੀ ਅਨੌਖੀ ਦੁਨੀਆਂ ਖ੍ਰੀਦ ਲਈ, ਬੱਸ ਐਵੇਂ ਚਾਅ 'ਚ ਈ ਇਹੋ ਜਿਹਾ ਜੁੱਤੀਆਂ ਖਾ ਬੈਠਦੈ।” ''ਹੈਂ ਬਈ ਦੀਸ਼ਾ ਸਿੰਹਾਂ ਬਾਹਰ ਜਾ ਕੇ ਵੀ ਲੋਕ ਸੁਧਰੇ ਨਹੀਂ?” ''ਹੋਰ ਕੀ ਮਾਸਟਰ ਜੀ ਇਹੋ ਜਿਹੇ ਲੋਕਾਂ ਦਾ ਕੰਮ ਹੁੰਦੈ ਕਿਧਰੇ ਕੋਈ ਗਾਇਕ ਆਇਆ ਹੋਵੇ, ਕੋਈ ਮੇਲਾ ਹੋਵੇ, ਕੋਈ ਹੋਰ ਪ੍ਰੋਗਰਾਮ ਤੇ ਇਥੋਂ ਤੱਕ ਕਿ ਗੁਰੂ ਘਰ ਵਿਚ ਜਾ ਕੇ ਜੁੱਤੀਆਂ ਖਾਣ ਤੋਂ ਬਾਜ ਨਹੀਂ ਆਉਂਦੇ, ਇੰਨਾ ਕੁ ਸ਼ਗਨ ਕਰਵਾ ਕੇ ਈ ਮੁੜਦੇ ਨੇ, ਹੋਰ ਬਹੁਤ ਰਿਵਾਜ ਚੱਲਿਆ ਏ ਦੂਜੇ ਬੰਦੇ ਨੂੰ ਲੜਾਈ ਲਈ ਟੈਲੀਫੋਨ 'ਤੇ ਟਾਈਮ ਦਿੰਦੇ ਨੇ, ਜੇ ਅਗਲਾ ਬੰਦਾ ਕਿਤੇ ਡਰ ਗਿਆ ਤਾਂ ਪੌਂ ਬਾਰਾਂ ਨਹੀਂ ਤੇ ਜੁੱਤੀਆਂ ਦੇ ਡਰ ਤੋਂ ਦਿੱਤੇ ਸਮੇਂ 'ਤੇ ਪਹੁੰਚਦੇ ਵੀ ਨਹੀਂ।” ''ਚੱਲ ਫਿਰ ਵੀ ਸਮਝਦਾਰ ਨੇ ਜਿਹੜਾ ਪੜਿਆ ਵਿਚਾਰ ਜਾਂਦੇ ਨੇ ਦੀਸ਼ਾ ਸਿੰਹਾ ਕਿਹੜਾ ਰੋਜ ਰੋਜ ਜੁੱਤੀਆਂ ਖਾਣੀਆਂ ਸੁਖਾਲੀਆਂ ਨੇ ਕਿਤੇ ਦਸਾਂ ਪੰਦਰਾਂ ਦਿਨਾਂ ਮਗਰੋਂ ਤੇ ਮੰਨਿਆ।” ''ਮਾਸਟਰ ਜੀ ਕਈ ਬੰਦੇ ਤਾਂ ਗਾਲ ਕੱਢਣ ਲੱਗੇ ਵੀ ਨਹੀਂ ਦੇਖਦੇ ਬਈ ਇਸਦਾ ਕੀ ਮਤਲਬ ਏ, ਆਪਣਾ ਮੂੰਹ ਗੰਦਾ ਕਰਦੇ ਨੇ ਤੇ ਦੂਜੇ ਤੋਂ ਦੂਹਰ ਤੀਹਰ ਕਰਾ ਕੇ ਤੇ ਫਿਰ ਸੌਂ ਜਾਂਦੇ ਨੇ ਤੇ ਸ਼ਰਾਬ ਉਤਰੀ ਤੋਂ ਫਿਰ ਝੱਟ ਗਾਇਬ ਹੋ ਜਾਂਦੇ ਨੇ ਤੇ ਵਿਚੋਂ ਫਿਰ ਬੱਕਰੀ ਬਣ ਜਾਂਦੇ ਨੇ।” ''ਮੈਂ ਇਕ ਹੋਰ ਬਹੁਤ ਗੱਲ ਦੇਖੀ ਏ ਅੱਜਕਲ੍ਹ ਬਈ ਯਾਰ ਦੋਸਤ ਇਕ ਦੂਜੇ ਨਾਲ ਗੱਲ ਕਰਦੇ ਮਾਂ ਭੈਣ ਦੀਆਂ ਗਾਲਾਂ ਕੱਢਦੇ ਨੇ, ਬਈ ਇਹ ਵੀ ਅਨੌਖਾ ਪਿਆਰ ਏ, ਇਹੋ ਜਿਹੀ ਯਾਰੀ ਤੇ ਇਹੋ ਜਿਹਾ ਪਿਆਰ ਇਕ ਦੂਜੇ ਨੂੰ ਦਿੰਦੇ ਨੇ ਬਈ ਸੁਣਿਆ ਈ ਨਹੀਂ ਜਾਂਦਾ ਖਾਸ ਕਰਕੇ ਮੋਬਾਇਲ ਫੋਨ 'ਤੇ, ਭਾਈ ਠੀਕ ਏ ਤੁਹਾਡੀ ਯਾਰੀ ਦੋਸਤੀ ਏ ਪਰ ਮਾਵਾਂ ਭੈਣਾਂ ਬਾਰੇ ਤਾਂ ਸੋਚੋ ਬਈ ਉਨ੍ਹਾਂ ਦਾ ਕੀ ਕਸੂਰ ਏ?” ''ਗੱਲ ਤੁਹਾਡੀ ਠੀਕ ਏ ਮਾਸਟਰ ਜੀ ਜੇਕਰ ਕਿਸੇ ਦੀ ਮਾਂ ਭੈਣ ਦਾ ਨਹੀਂ ਸੋਚਣਾ ਤੇ ਘੱਟੋ ਘੱਟ ਆਪਣੀ ਮਾਂ ਭੈਣ ਬਾਰੇ ਈ ਸੋਚ ਲਓ ਬਈ ਅੱਗੋਂ ਜਿਹੜਾ ਪਿਆਰ ਨਾਲ ਤੁਹਾਨੂੰ ਗਾਲੀਆਂ ਦੇ ਰਿਹਾ ਉਹ ਤੁਹਾਡੀ ਮਾਂ ਭੈਣ 'ਤੇ ਢੁੱਕਦੀਆਂ ਨੇ, ਸਮਾਂ ਬਦਲ ਗਿਆ ਏ ਪਹਿਲਾਂ ਤੇ ਲੋਕ ਦੁਸ਼ਮਣ ਦੀ ਮਾਂ ਭੈਣ ਦੀ ਵੀ ਇੱਜਤ ਕਰਦੇ ਸਨ, ਅੱਜ ਦੋਸਤ ਮਿੱਤਰ ਈ ਇਕ ਦੂਜੇ ਦੀ ਮਾਂ ਭੈਣ ਇਕ ਕਰੀ ਜਾਂਦੇ ਨੇ।” ਗਿਆਨੀ ਰਾਮ ਸਿੰਘ ਬੋਲਿਆ। ''ਕਈ ਵਾਰੀ ਤੇ ਇਹੋ ਜਿਹਾ ਗੰਦ ਬੋਲਦੇ ਨੇ ਬਈ ਕੋਲ ਬੈਠਾ ਸੁਨਣ ਵਾਲਾ ਸ਼ਰਮ ਖਾ ਜਾਂਦਾ ਪਰ ਟੈਲੀਫੋਨ 'ਤੇ ਡਟੇ ਹੋਏ ਮਿੱਤਰ ਦੂਹਰ ਤੀਹਰ ਪਾਉਣ ਤੋਂ ਨਹੀਂ ਹਟਦੇ, ਵਾਰੇ ਨਿਆਰੇ ਜਾਈਏ ਐਹੋ ਜਿਹੇ ਦੋਸਤਾਂ ਦੇ।” ''ਮਾਸਟਰ ਜੀ ਦੁਨੀਆਂ ਦਾ ਬੇੜਾ ਗਰਕ ਹੋਈ ਜਾਂਦੈ, ਪਹਿਲਾਂ ਲੋਕ ਧੀ ਦੇ ਘਰ ਦਾ ਪਾਣੀ ਤੱਕ ਨਹੀਂ ਪੀਂਦੇ ਸਨ ਤੇ ਅੱਜ ਅਗਰ ਮੌਕਾ ਮਿਲ ਜਾਏ ਤਾਂ ਕੁਝ ਨਹੀਂ ਛੱਡਦੇ ਸਭ ਕੁਝ ਲੁੱਟ ਲੈਂਦੇ ਨੇ।” ''ਗਿਆਨੀ ਜੀ ਇਹੋ ਜਿਹੀ ਲੁੱਟ ਖਸੁੱਟ ਅੱਜਕਲ੍ਹ ਲੋਕ ਬਾਹਰ ਜਿਆਦਾ ਕਰਦੇ ਨੇ, ਆਪਣੇ ਭਾਣਜੇ ਜਾਂ ਜਵਾਈ ਨੂੰ ਬਾਹਰ ਸੱਦ ਲੈਂਦੇ ਨੇ ਦਸ-ਬਾਰਾਂ ਲੱਖ ਨੂੰ ਚੂਨਾ ਲਾ ਦਿੰਦੇ ਨੇ ਤੇ ਫਿਰ ਜੋ ਜਵਾਈ ਭਾਈ ਕਮਾਉਂਦਾ ਸੀ ਉਸਤੇ ਆਪਣਾ ਹੱਕ ਸਮਝਦੇ ਨੇ, ਮੈਂ ਤੇ ਇਹੋ ਜਿਹੇ ਘਟੀਆ ਬੰਦੇ ਵੀ ਦੇਖੇ ਨੇ ਜੋ ਜਵਾਈ ਤੋਂ ਜੂਠੇ ਭਾਂਡੇ ਵੀ ਧਵਾਉਂਦੇ ਨੇ, ਜਵਾਈ ਦੀ ਕਮਾਈ ਖਾ ਕੇ ਵੀ ਡਕਾਰ ਨਹੀਂ ਮਾਰਦੇ, ਉਲਟਾ ਉਸਨੂੰ ਸੈਟ ਤਾਂ ਕੀ ਕਰਨਾ ਉਸਦੀ ਬੇੜੀ 'ਚ ਵੱਟੇ ਪਾਉਂਦੇ ਨੇ ਬਈ ਯਾਦ ਕਰੇਂਗਾ ਸਾਡਾ ਮਾਂਜਿਆ ਸਾਰੀ ਉਮਰ ਨਹੀਂ ਉਠਦਾ ਹੁਣ।” ''ਤਾਂ ਫਿਰ ਦੀਸ਼ਾ ਸਿੰਹਾ ਕੀ ਇਹੋ ਜਿਹੀ ਕਮਾਈ ਕੋਲ ਰਹਿ ਜਾਏਗੀ? ਪਤਾ ਉਦੋਂ ਲੱਗਣੈ ਜਦੋਂ ਦੂਜਿਆਂ ਦਾ ਬੁਰਾ ਕਰਨ ਵਾਲਾ ਆਪ ਕਿਸੇ ਮੁਸੀਬਤ 'ਚ ਫਸ ਗਿਆ ਤੇ ਜਾਂ ਫਿਰ ਇਹੋ ਜਿਹੀ ਕੱਠੀ ਕੀਤੀ ਕਮਾਈ ਲੈ ਕੇ ਤੀਵੀਂ ਕਿਸੇ ਹੋਰ ਨਾਲ ਨੱਸ ਗਈ ਜਾਂ ਔਲਾਦ ਨੇ ਕੋਈ ਚੰਨ ਚੜਾ ਦਿੱਤਾ, ਰੱਬ ਨਾ ਕਰੇ ਜੇ ਇਹੋ ਜਿਹਾ ਕੋਈ ਰੋਗ ਆ ਚਿੰਬੜਿਆ ਤਾਂ ਪਛਤਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਰਹਿਣਾ।”

alt

Joomla Templates and Joomla Extensions by ZooTemplate.Com

'ਮਾਨ ਨਾ ਮਾਨ ਮੈਂ ਤੇਰਾ ਮਹਿਮਾਨ'

“ਬਈ ਕਈ ਬੰਦੇ ਤਾਂ ਬਾਹਲੇ ਈ ਢੀਠ ਹੁੰਦੇ ਨੇ, ਨਾ ਤੇ ਉਨ੍ਹਾਂ ਨੂੰ ਆਵਦੀ ਇੱਜਤ ਦਾ ਕੋਈ ਲੈਣਾ ਦੇਣਾ ਹੁੰਦਾ ਏ ਤੇ ਨਾ ਦੂਜੇ ਦਾ ਫਿਕਰ। ਤੇ ਦੀਪਿਆ ਤੇਰਾ ਢੀਠ ਕਿਸਮ ਦੇ ਮਹਿਮਾਨ ਬਾਰੇ ਕੀ ਵਿਚਾਰ ਏ।” ਨਿੰਦੀ ਨੇ ਦੀਪੇ ਨੂੰ ਕਿਹਾ, “ਬਈ ਵਿਚਾਰ ਕੀ ਦੇਣੇ ਨੇ ਉਨ੍ਹਾਂ ਬਾਰੇ ਤੇ ਸਾਰੇ ਈ ਜਾਣੂ ਨੇ ਤੇ ਕਈ ਤੇ ਮਾਨ ਨਾ ਮਾਨ ਮੈਂ ਤੇਰਾ ਮਹਿਮਾਨ ਇਹੋ ਜਿਹੇ ਧੱਕੇ ਨਾਲ ਈ ਮਹਿਮਾਨ ਬਣ ਜਾਂਦੇ ਨੇ ਤੇ ਫਿਰ ਹਿੱਲਣ ਦਾ ਨਾਂਅ ਨਹੀਂ ਲੈਂਦੇ, ਤੇ ਰੋਟੀ ਪਾਣੀ ਦੀ ਨਿੱਤ ਨਵੀਂ ਫਰਮਾਇਸ਼ ਕਰ ਦਿੰਦੇ ਨੇ ਤੇ ਘਰ ਦੇ ਵਿਚਾਰੇ ਨਾ ਚਾਹੁੰਦੇ ਹੋਏ ਵੀ ਇਹੋ ਜਿਹੇ ਦਾ ਸਤਿਕਾਰ ਕਰਦੇ ਨੇ। ਇਹੋ ਜਿਹੇ ਮਹਿਮਾਨ ਦਾ ਕੋਈ ਸਮਾਂ ਨਹੀਂ, ਉਹ ਕਿਸੇ ਵੇਲੇ ਵੀ ਟਪਕ ਪੈਂਦੇ ਨੇ ਤੇ ਜਾਂਦੇ ਉਦੋਂ ਨੇ ਜਦੋਂ ਘਰ ਦੇ ਤੰਗ ਹੋ ਕੇ ਜੀ ਜਾਇਆਂ ਨੂੰ ਕਰਨ ਤੇ ਆਨੇ ਬਹਾਨੇ ਭੇਜਣੇ ਪੈਂਦੇ ਨੇ ਤੇ ਕਈ ਲੜ ਕੇ ਜਾਂਦੇ ਨੇ।” “ਗੱਲ ਦੀਪੇ ਦੀ ਵੀ ਠੀਕ ਏ। ਇਹੋ ਜਿਹੇ ਮਹਿਮਾਨਾਂ ਦੀ ਕਮੀ ਤੇ ਵਿਦੇਸ਼ਾਂ 'ਚ ਵੀ ਨਹੀਂ, ਪਰ ਥੋੜਾ ਜਿਹਾ ਫਰਕ ਏ ਉਹ ਪਹਿਲਾਂ ਟੈਲੀਫੋਨ ਕਰਕੇ ਦੇਖ ਲੈਂਦੇ ਨੇ ਕਿ ਬੰਦਾ ਘਰ ਏ ਕਿ ਨਹੀਂ ਤੇ ਫਿਰ ਕੋਈ ਬਹਾਨਾ ਬਨਾਉਣਗੇ ਮਿਲਣ ਦੇ ਬਹਾਨੇ ਆ ਬੈਠਦੇ ਨੇ ਤੇ ਕਈ ਤੇ ਰੋਟੀ ਪਾਣੀ ਖਾ ਕੇ ਛੁਟਕਾਰਾ ਦੇ ਜਾਂਦੇ ਨੇ ਤੇ ਕਈ ਫਿਰ ਉਦੋਂ ਤੱਕ ਨਹੀਂ ਜਾਂਦੇ ਜਦ ਤੱਕ ਮਹਿਮਾਨ ਨਿਵਾਜ ਉਸਨੂੰ ਕਿਸੇ ਤਰ੍ਹਾਂ ਜਾਣ ਲਈ ਨਹੀਂ ਕਹਿ ਦੇਂਦੇ। ਇਹੋ ਜਿਹੇ ਸੱਜਣ ਨਾਲ ਇਕ ਵਾਰੀ ਵਾਹ ਪੈ ਗਿਆ। ਪਹਿਲੇ ਤੇ ਫੋਨ ਕਰਕੇ ਮਿਲਣ ਆਉਣ ਦਾ ਬਹਾਨਾ ਬਣਾ ਲਿਆ। ਲੱਖ ਮਨ੍ਹਾ ਕਰਨ ਅਤੇ ਆਨੇ ਬਹਾਨੇ ਕਰਨ 'ਤੇ ਵੀ ਉਹ ਸੱਜਣ ਟਲਿਆ ਨਹੀਂ ਤੇ ਆ ਟਪਕਿਆ ਆਪਣੀਆਂ ਜਰੂਰੀ ਚੀਜਾਂ, ਜਿਵੇਂ ਸ਼ਰਾਬ ਦੀਆਂ ਇਕ ਦੋ ਬੋਤਲਾਂ ਲਿਆਉਣੀਆਂ ਨਹੀਂ ਭੁੱਲਿਆ ਤੇ ਉਸਨੂੰ ਆਪਣੇ ਕੋਲ ਰੱਖਣ ਦੀ ਬੇਵੱਸੀ ਹੋਣ ਕਾਰਨ ਕਿਸੇ ਹੋਰ ਕੋਲ ਛੱਡਣਾ ਪਿਆ ਤੇ ਉਹ ਸੱਜਣ ਆਪਣੀ ਸ਼ਰਾਬ ਤੇ ਪੀ ਗਿਆ ਤੇ ਦੂਜੇ ਤੋਂ ਮੰਗਾ ਮੰਗਾ ਵੀ ਪਤਾ ਨਹੀਂ ਕਿੰਨੀ ਕੁ ਪੀ ਗਿਆ, ਤਿੰਨੇ ਵੇਲੇ ਅੱਠ ਨੌ ਅੰਨੇ ਦੀ ਹਿੱਕ ਵਰਗੀਆਂ ਖਾ ਕੇ ਘਰ ਘੁਰਾੜੇ ਮਾਰਨੇ ਤੇ ਕੰਮ ਕਰਕੇ ਆਏ ਬੰਦੇ ਨੂੰ ਸੌਣ ਵੀ ਨਾ ਦੇਣਾ, ਆਖਿਰਕਾਰ ਲੜਾਈ ਕਰਕੇ ਵਿਦਾ ਲੈ ਗਿਆ।” “ਫਿਰ ਤੇ ਦੀਸ਼ਾ ਸਿੰਹਾਂ ਉਸਨੇ ਚੰਗਾ ਜਲੂਸ ਕੱਢਿਆ ਹੋਣਾ?” “ਬਈ ਬੰਤਿਆ ਜਲੂਸ ਜਿਹਾ ਜਲੂਸ। ਨਾਲੇ ਤੇ ਦਸ ਦਿਨ ਧੱਕੇ ਦਾ ਮਹਿਮਾਨ ਬਣ ਕੇ ਆਟੇ ਦੀ ਬੋਰੀ ਨੂੰ ਲਾਗੇ ਕਰ ਗਿਆ ਤੇ ਨਾਲੇ ਹੋਰ ਦੋਸਤਾਂ ਮਿੱਤਰਾਂ ਵਿਚ ਭੰਡੀ ਕਰ ਗਿਆ, ਤੇ ਨਾਲ ਹੀ ਹੋਰਾਂ ਦੇ ਉਲਾਂਭੇ ਵੀ ਝੱਲਣੇ ਪਏ, ਇਹੋ ਜਿਹੇ ਲੋਕਾਂ ਨੂੰ ਤੇ ਸਕੇ ਰਿਸ਼ਤੇਦਾਰ ਭੈਣ ਭਰਾ ਵੀ ਝੱਲ ਕੇ ਰਾਜੀ ਨਹੀਂ।” “ਫਿਰ ਦੀਸ਼ਾ ਸਿੰਹਾ ਤੇਰੀ ਗੱਲ ਤੋਂ ਇਕ ਗੱਲ ਯਾਦ ਆ ਗਈ, ਬਈ ਇਕ ਧੱਕੇ ਦਾ ਮਹਿਮਾਨ ਕਿਸੇ ਘਰ ਆ ਗਿਆ ਤੇ ਸੁੱਖ ਨਾਲ ਰੋਟੀਆਂ ਦੀ ਵੀ ਚੰਗੀ ਤੈਹ ਲਗਾਉਂਦਾ ਸੀ, ਇਕ ਦਿਨ ਬੀਬੀ ਰੋਟੀ ਪਕਾਉਂਦੀ ਸੀ ਤੇ ਮਹਿਮਾਨ ਛਕ ਰਿਹਾ ਸੀ ਤੇ ਬੀਬੀ ਨੇ ਮਹਿਮਾਨ ਨੂੰ ਚਿਤਾਰਦੇ ਹੋਏ ਆਪਣੇ ਮੁੰਡੇ ਨੂੰ ਜੋ ਕਿ ਲਾਗੇ ਖੇਡ ਰਿਹਾ ਸੀ ਕਾਕਾ ਇਧਰ ਆ ਜਾ ਕਿਤੇ ਭਾਈ ਤੈਨੂੰ ਵੀ ਨਾਲ ਨਾ ਖਾ ਜਾਏ ਤੇ ਮਹਿਮਾਨ ਭਾਈ ਜੀ ਵੀ ਤਕੜੇ ਸੀ ਕਹਿੰਦੇ ਬਈ ਜੇਕਰ ਭੇਜਣਾ ਈ ਐ ਤਾਂ ਥੋੜਾ ਸਬਜੀ ਨਾਲ ਲਬੇੜ ਕੇ ਭੇਜੋ ਤੇ ਸਬਜੀ ਦੀ ਕੋਲੀ ਵੱਲ ਹੋਰ ਸਬਜੀ ਪਾਉਣ ਲਈ ਇਸ਼ਾਰਾ ਕੀਤਾ।” ਮਾਸਟਰ ਦੀ ਗੱਲ ਸੁਣ ਸਾਰੇ ਹੱਸਣ ਬਿਨਾਂ ਨਾ ਰਹਿ ਸਕੇ। “ਲਓ ਇਨਾਂ ਗੱਲਾਂ ਤੋਂ ਇਕ ਹੋਰ ਗੱਲ ਯਾਦ ਆ ਗਈ, ਕਿਸੇ ਘਰ ਮਹਿਮਾਨ ਆ ਗਿਆ ਤੇ ਉਹ ਜਾਣ ਦਾ ਨਾਂਅ ਨਾ ਲਵੇ ਘਰਦੇ ਉਸਤੋਂ ਬਹੁਤ ਹੀ ਤੰਗ ਆ ਗਏ ਤੇ ਆਨੇ ਬਹਾਨੇ ਉਸਨੂੰ ਬਥੇਰਾ ਕਿਹਾ ਪਰ ਉਹ ਜਾਣ ਦਾ ਨਾਂਅ ਨਾ ਲਵੇ ਤੇ ਇਕ ਦਿਨ ਤੀਵੀਂ ਆਦਮੀ ਨੇ ਝੂਠੀ ਮੂਠੀ ਲੜਾਈ ਕਰਨ ਦਾ ਮਨ ਬਣਾਇਆ, ਉਹ ਲੜੇ ਵੀ ਤੇ ਉਸ ਸੱਜਣ ਤੇ ਕੋਈ ਅਸਰ ਨਹੀਂ ਹੋਇਆ, ਆਖਿਰ ਉਨ੍ਹਾਂ ਨੇ ਆਪਸ ਵਿਚ ਨਕਲੀ ਕੁੱਟਮਾਰ ਦੀ ਘਾੜਤ ਘੜੀ ਤੇ ਕੁੱਟਮਾਰ ਸ਼ੁਰੂ ਹੋ ਗਈ, ਵਿਚੇ ਉਸ ਮਹਿਮਾਨ ਨੂੰ ਵੀ ਚੰਗਾ ਭਲਾ ਬੋਲੀ ਗਏ ਤੇ ਆਦਮੀ ਤੀਵੀਂ ਨੂੰ ਝੂਠੀ ਮੂਠੀ ਕੁੱਟੀ ਗਿਆ ਤੇ ਤੀਵੀਂ ਵੀ ਨਕਲੀ ਚੀਕਾਂ ਮਾਰੀ ਗਈ। ਜਿਵੇਂ ਪਤਾ ਨਹੀਂ ਕਿੰਨੀ ਕੁ ਜੋਰ ਦੀ ਕੁੱਟਮਾਰ ਹੋ ਰਹੀ ਏ, ਮਹਿਮਾਨ ਨੇ ਆਪਣਾ ਸਮਾਨ ਚੁੱਕਿਆ ਤੇ ਉਨ੍ਹਾਂ ਦੀ ਨਿਗ੍ਹਾ ਤੋਂ ਦੂਰ ਹੋ ਗਿਆ। ਸਵੇਰੇ ਤੀਵੀਂ ਆਦਮੀ ਬਹੁਤ ਖੁਸ਼ ਸੀ, ਤੇ ਆਪਸ 'ਚ ਗੱਲਾਂ ਕਰਦੇ ਸੀ, ਆਦਮੀ ਕਹਿੰਦਾ ਮੈਂ ਝੂਠੀ ਮੂਠੀ ਜੁੱਤੀ ਵਾਹੀ ਮਾਰੀ ਮੈਂ ਵੀ ਨਹੀਂ, ਤੇ ਔਰਤ ਕਹਿੰਦੀ, ਮੈਂ ਵੀ ਸੁੱਕੇ ਸੰਘ ਅੜਾਈ ਰੋਈ ਮੈਂ ਵੀ ਨਹੀਂ, ਤੇ ਉਹ ਮਹਿਮਾਨ ਵੀ ਗਿਆ ਨਹੀਂ ਸੀ ਤੇ ਉਨ੍ਹਾਂ ਦੀ ਵਾਰਤਾਲਾਪ ਸੁਣ ਰਿਹਾ ਸੀ ਤੇ ਕਹਿੰਦਾ ਯਾਰਾਂ ਨੇ ਲਿਆ ਬੁੱਤਾ ਮੈਂ ਵੀ ਲੈ ਪਰਾਲੀ ਸੁੱਤਾ ਤੇ ਗਿਆ ਮੈਂ ਵੀ ਨਹੀਂ।” ਦੀਪੇ ਦੀ ਗੱਲ ਨੇ ਤੇ ਬੰਤਾ ਅਮਲੀ ਵੀ ਹੱਸਣ ਲਾ ਤਾ। “ਇਹੋ ਜਿਹੇ ਮਹਿਮਾਨ ਦੂਜੇ ਦੀ ਕਦਰ ਘਟਾ ਦਿੰਦੇ ਨੇ, ਤੇ ਬਾਹਰ ਪ੍ਰਦੇਸਾਂ ਵਿਚ ਜਿਸਨੂੰ ਇਕ ਵਾਰ ਇਹੋ ਜਿਹੇ ਮਹਿਮਾਨ ਦਾ ਸਾਹਮਣਾ ਕਰਨਾ ਪੈ ਜਾਵੇ ਤੇ ਫਿਰ ਉਹ ਜਿਵੇਂ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਪੀਂਦੈ ਤੇ ਕਿਸੇ ਲੋੜਵੰਦ ਦੀ ਮਦਦ ਕਰਨ ਤੋਂ ਕੰਨੀ ਕਤਰਾਉਣ ਲੱਗ ਪੈਂਦਾ। ਕਈ ਫੁਕਰੇ ਮਹਿਮਾਨ ਵੀ ਹੁੰਦੇ ਨੇ ਉਹ ਐਨ ਸਹੀ ਸਮੇਂ 'ਤੇ ਆਉਂਦੇ ਨੇ, ਆਪਣੇ ਮਤਲਬ ਦਾ ਹੱਲ ਕਰ ਠੀਕ ਸਮੇਂ ਨਾਲ ਦੂਜੇ 'ਤੇ ਅਹਿਸਾਨ ਕਰ ਚਲੇ ਜਾਂਦੇ ਨੇ, ਕੱਲ ਨੂੰ ਫਿਰ ਆਉਣ ਦੀ ਤਿਆਰੀ 'ਚ।” “ਇਹੋ ਜਿਹੇ ਮਹਿਮਾਨ ਨਾਲ ਵੀ ਵਾਹ ਪਿਆ ਇਕ ਵਾਰੀ, ਅਸੀਂ ਤਿੰਨ ਜਣੇ ਰਹਿੰਦੇ ਸਾਂ ਇਕ ਕਮਰੇ ਵਿਚ ਤੇ ਇਕ ਇਹੋ ਜਿਹਾ ਸੱਜਣ ਆ ਟੱਕਰਿਆ, ਬਈ ਉਸਨੇ ਠੀਕ ਸਾਡੇ ਕੰਮ ਤੋਂ ਵਾਪਸ ਆਉਣ ਤੋਂ ਅੱਧਾ ਕੁ ਘੰਟਾ ਬਾਅਦ ਘਰ ਦੀ ਘੰਟੀ ਮਾਰ ਦੇਣੀ ਤੇ ਕਈ ਵਾਰ ਤਾਂ ਬਾਥਰੂਮ 'ਚੋਂ ਨਹਾਉਂਦੇ ਨਹਾਉਂਦੇ ਆ ਦਰਵਾਜਾ ਖੋਲ੍ਹਣਾ ਪੈਂਦਾ, ਕਿਉਂਕਿ ਉਹ ਸੱਜਣ ਘੰਟੀ ਤੋਂ ਹੱਥ ਈ ਨਹੀਂ ਚੱਕਦੇ ਕਾਹਲੇ ਬਾਹਲੇ ਹੁੰਦੇ ਨੇ, ਆ ਕੁਰਸੀਆਂ 'ਤੇ ਬੈਠ ਜਾਣਾ ਨਹੀਂ ਤੇ ਮੰਜੇ 'ਤੇ ਲੇਟ ਜਾਣਾ ਤੇ ਇਕ ਹੋਰ ਆਪਦੇ ਵਰਗਾ ਸੱਜਣ ਨਾਲ ਰਲਾ ਲਿਆ ਤੇ ਆ ਰੋਟੀ ਸਬਜੀ ਦੀ ਫਰਮਾਇਸ਼ ਕਰ ਦੇਣੀ, ਅਸੀਂ ਰੋਟੀ ਪਾਣੀ ਪਕਾਉਣਾ ਤੇ ਉਨ੍ਹਾਂ ਅਰਾਮ ਕਰਨਾ, ਢਿੱਡ ਭਰ ਕੇ ਰੋਟੀ ਵੀ ਗਰਮ ਗਰਮ ਲਹਿੰਦੀ ਲਹਿੰਦੀ, ਸਾਡੇ ਬਣਾਉਂਦੇ ਬਣਾਉਂਦੇ ਛਕ ਲੈਣੀ ਤੇ ਬਹੁਤ ਥੱਕੇ ਹੋਏ ਹੋਣ ਦਾ ਗੀਤ ਗਾਉਂਦੇ ਜਾ ਸੋਣ ਦਾ ਕਹਿਕੇ ਘਰੋਂ ਟੁਰ ਜਾਣਾ, ਐਸਾ ਕੰਮ ਬਿਨਾਂ ਨਾਗਾ ਤਕਰੀਬਨ ਮਹੀਨਾ ਭਰ ਚੱਲਦਾ ਰਿਹਾ ਤੇ ਉਧਰ ਜਿੱਧਰ ਰਹਿੰਦੇ ਸਨ ਉਸਨੂੰ ਕਹਿ ਦੇਣਾ ਬਈ ਰੋਟੀ ਅਸੀਂ ਖਾ ਕੇ ਆਉਣਾ ਤੇ ਤੁਸੀਂ ਸਵੇਰ ਵਾਸਤੇ ਵੀ ਸਬਜੀ ਵਗੈਰਾ ਬਣਾ ਲੈਣਾ, ਸਵੇਰ ਦੀ ਰੋਟੀ ਵੀ ਪੱਕੀ ਪਕਾਈ ਖਾਣੀ ਤੇ ਰਾਤ ਦੀ ਸਾਡੇ ਘਰੋਂ ਖਾ ਨਜਾਰੇ ਲੈਂਦੇ ਤੇ ਫਿਰ ਉਨ੍ਹਾਂ ਸਾਨੂੰ ਛੱਡ ਹੋਰ ਘਰ ਭਾਲ ਲਿਆ, ਇਹ ਸਿਲਸਿਲਾ ਉਧਰ ਚੱਲ ਪਿਆ ਤੇ ਸਾਡਾ ਮਸੀਂ ਛੁਟਕਾਰਾ ਹੋਇਆ ਤੇ ਲੋਕਾਂ ਕੋਲ ਸਾਡੀਆਂ ਚੁਗਲੀਆਂ ਸ਼ੁਰੂ ਕਰ ਦਿੱਤੀਆਂ।” ਅੱਜਕਲ੍ਹ ਹੋਰ ਅਣਸੱਦੇ ਮਹਿਮਾਨ ਦੇਖਣ ਨੂੰ ਮਿਲਦੇ ਨੇ ਵਿਆਹ ਸ਼ਾਦੀਆਂ 'ਤੇ, ਕਿਉਂਕਿ ਹੁਣ ਵਿਆਹ ਸ਼ਾਦੀਆਂ ਹੋਟਲਾਂ ਜਾਂ ਮੈਰਿਜ ਪੈਲੇਸਾਂ ਵਿਚ ਹੁੰਦੀਆਂ ਨੇ ਤੇ ਇਕ ਸੱਦੇ ਹੋਏ ਮਹਿਮਾਨ ਨਾਲ ਚਾਰ ਪੰਜ ਯਾਰ ਦੋਸਤ ਅਣਸੱਦੇ ਮਹਿਮਾਨ ਆ ਪਹੁੰਚਦੇ ਨੇ, ਖਾਣ ਪੀਣ ਦੀ ਕੋਈ ਕਸਰ ਨਹੀਂ ਛੱਡਦੇ, ਖਾਣ ਪੀਣ ਦੀ ਜਗ੍ਹਾ 'ਤੇ ਕਾਫੀ ਰੌਣਕਾਂ ਹੁੰਦੀਆਂ ਨੇ ਤੇ ਕੋਲ ਗਿਣਤੀ ਦੇ ਖਾਸ ਖਾਸ ਰਿਸ਼ਤੇਦਾਰ ਹੁੰਦੇ ਨੇ ਤੇ ਸ਼ਗਨ ਵੇਲੇ ਵੀ ਫੋਟੋ ਖਿਚਵਾਉਣ ਲਈ ਖੜੇ ਹੁੰਦੇ ਨੇ ਤੇ ਲਿਫਾਫੇ ਵਿਚ ਪਾ ਕੇ ਪਤਾ ਨਹੀਂ ਰੁਪਈਆ ਰੱਖਦੇ ਨੇ ਕਿ ਨਹੀਂ?” “ਮਾਸਟਰ ਜੀ ਕਈ ਮਹਿਮਾਨ ਨਿਵਾਜ ਵੀ ਇਹੋ ਜਿਹੇ ਹੁੰਦੇ ਨੇ ਬਈ ਉਹ ਐਸੀਆਂ ਗੱਲਾਂ ਕਰਨਗੇ ਮਹਿਮਾਨ ਚਾਹ ਪੀ ਕੇ ਤੁਰਨ ਲੱਗਿਆਂ ਦੇਰ ਨਹੀਂ ਲਗਾਉਂਦਾ, ਆਪੇ ਈ ਕਹੀ ਜਾਣਗੇ ਬਈ ਵਾਪਸੀ ਬੱਸ ਨਿਕਲ ਜਾਣੀ ਏ ਕਾਕਾ ਜੀ ਲੇਟ ਨਾ ਹੋਵੋ ਨ੍ਹੇਰੇ ਸਵੇਰੇ ਜਾਣ ਦਾ ਸਮਾ ਨਹੀਂ ਤੇ ਰਾਤ ਰਹਿਣ ਦਾ ਮਨ ਬਣਾ ਕੇ ਆਇਆ ਮਹਿਮਾਨ ਚਾਹ ਵੀ ਗਰਮ ਗਰਮ ਪੀ ਕੇ ਨਿਕਲਣ ਦੀ ਸੋਚਦਾ ਜਾਂ ਫਿਰ ਆਪੇ ਈ ਕਹੀ ਜਾਣਗੇ ਉਹ ਕੁੜੀਉ ਜਲਦੀ ਚਾਹ ਪਾਣੀ ਕਰ ਲਓ ਪ੍ਰਾਹੁਣੇ ਨੂੰ ਦੇਰੀ ਹੁੰਦੀ ਏ ਕਿਤੇ ਬੱਸ ਈ ਨਾ ਨਿਕਲ ਜਾਵੇ ਤੇ ਪ੍ਰਾਹੁਣਾ ਵੀ ਚਲੇ ਜਾਣ ਵਿਚ ਭਲਾਈ ਸਮਝਦਾ।” ਨਿੰਦੀ ਬੋਲਿਆ, “ਜਿਆਦੀ ਅੱਤ ਤਾਂ ਉਦੋਂ ਹੁੰਦੀ ਏ ਜਦੋਂ ਵਿਆਹ ਸ਼ਾਦੀ ਤੇ ਘਰ ਦੀ ਜਿੰਮੇਵਾਰ ਔਰਤ ਜਾਂ ਆਦਮੀ ਕਹਿੰਦੇ ਨੇ, ਬਈ ਜਲਦੀ ਜਲਦੀ ਪ੍ਰਾਹੁਣਿਆਂ ਨੂੰ ਤੋਰੋ ਅਗਲਿਆਂ ਆਪਣੇ ਆਪਣੇ ਘਰ ਜਾਣਾ ਏ ਦੇਰੀ ਹੋ ਰਹੀ ਏ ਘਰ ਜਾ ਕੇ ਆਪਦਾ ਮਾਲ ਡੰਗਰ ਦੇਖਣਾ ਏ ਤੇ ਨਾਲੇ ਘਰ ਸੁੰਨੇ ਛੱਡਣ ਦਾ ਸਮਾ ਨਹੀਂ ਰਿਹਾ ਛੇਤੀ ਇਨ੍ਹਾਂ ਦਾ ਲਾਗ ਵਿਹਾਰ ਪਾਓ ਤੇ ਵਿਦਾ ਕਰੋ। ਤੇ ਕਈ ਵਾਰ ਤਾਂ ਲਾਗ ਵਿਹਾਰ ਵੀ ਬਾਦ 'ਚ ਭੇਜਣ ਦਾ ਲਾਰਾ ਲਗਾ ਦਿੰਦੇ ਨੇ ਤੇ ਉਧਰ ਜਵਾਕ ਭਾਵੇਂ ਸ਼ੀਰਣੀ ਨੂੰ ਡੀਕਦੇ ਹੋਣ।” “ਬਈ ਮਾਸਟਰ ਜੀ ਹੁਣ ਤਾਂ ਇਹ ਕੰਮ ਵੀ ਖਤਮ ਕਰ ਦਿੱਤਾ, ਹੁਣ ਤੇ ਵਿਆਹ ਦੇ ਕਾਰਡ ਨਾਲ ਈ ਡੱਬਾ ਦੇ ਦਿੱਤਾ ਜਾਂਦਾ, ਮੈਰਿਜ ਪੈਲੇਸ ਆਉਣ 'ਤੇ ਉਥੇ ਈ ਸਤਿ ਸ੍ਰੀਅਕਾਲ, ਮਹਿਮਾਨ ਆਪਦੇ ਘਰ ਤੇ ਵਿਆਹ ਵਾਲੇ ਆਪਦੇ ਘਰ।” “ਹਾਂ ਜੀ ਗਿਆਨੀ ਜੀ ਮਹਿਮਾਨ ਨਿਵਾਜੀ ਦਾ ਕੰਮ ਈ ਖਤਮ ਹੋ ਗਿਆ ਏ, ਮੈਰਿਜ ਪੈਲੇਸ 'ਚ ਆਓ, ਉਥੇ ਪੈਲੇਸ ਵਾਲਿਆਂ ਦੇ ਕਾਰਿੰਦੇ ਆਏ ਮਹਿਮਾਨ ਦਾ ਜੀ ਆਇਆਂ ਕਰਦੇ ਨੇ, ਘਰਦਿਆਂ ਕੋਲ ਸਮਾ ਈ ਕਿਥੇ ਹੁੰਦਾ?” “ਮਹਿਮਾਨ ਵਾਲੀ ਗੱਲ ਸੁਣ ਇਕ ਗੱਲ ਯਾਦ ਆ ਗਈ ਬਈ ਇਕ ਵਾਰੀ ਕਿਸੇ ਦੇ ਘਰ ਮਹਿਮਾਨ ਆਇਆ ਤੇ ਮਹਿਮਾਨ ਅੱਗੇ ਚਾਹ ਰੱਖ ਦਿੱਤੀ ਤੇ ਜੱਗ ਵਿਚ ਕੁਝ ਹੋਰ ਚਾਹ ਬਚ ਗਈ, ਬੀਬੀ ਨੇ ਮਹਿਮਾਨ ਨੂੰ ਤੇ ਘਰ ਦੇ ਬੰਦੇ ਨੂੰ ਪੁੱਛਿਆ ਬਈ ਥੋੜੀ ਹੋਰ ਚਾਹ ਪਵਾ ਲਓ ਤੇ ਘਰ ਦਾ ਬੰਦਾ ਬੋਲਿਆ ਤੁਸੀਂ ਚਾਹ ਮਹਿਮਾਨ ਨੂੰ ਪਾਓ ਅਸੀਂ ਤੇ ਰੋਜ ਪੀਂਦੇ ਆ, ਮਹਿਮਾਨ ਨੂੰ ਵੀ ਬੁਰਾ ਲੱਗਿਆ ਤੇ ਉਹ ਵੀ ਕਿਸੇ ਤੋਂ ਘੱਟ ਨਹੀਂ ਸੀ, ਉਸਨੇ ਵੀ ਝੱਟ ਕਹਿ ਦਿੱਤਾ ਅੱਛਾ ਇਸਨੂੰ ਚਾਹ ਕਹਿੰਦੇ ਨੇ? ਬਈ ਮੈਂ ਤੇ ਅੱਜ ਪਹਿਲੀ ਵਾਰ ਦੇਖੀ ਏ ਤੇ ਪਹਿਲੀ ਵਾਰ ਪੀਤੀ ਏ, ਮੈਂ ਤੇ ਸੋਚਦਾ ਸੀ ਬਈ ਚਾਹ 'ਚ ਦੁੱਧ ਪੈਂਦਾ?” ਸਾਰੇ ਹੱਸਣ ਲੱਗੇ ਤੇ ਆਪਣੇ ਆਪਣੇ ਘਰਾਂ ਵੱਲ ਨੂੰ ਚੱਲ ਪਏ।

alt

Joomla Templates and Joomla Extensions by ZooTemplate.Com

ਪਗੜੀ ਸੰਭਾਲ ਓ ਜੱਟਾ ਪਗੜੀ

''ਪਗੜੀ ਸੰਭਾਲ ਓ ਜੱਟਾ ਪਗੜੀ, ਕਦੇ ਇਹੋ ਨਾਅਰੇ 'ਤੇ ਅੰਦੋਲਨ ਹੋਇਆ ਸੀ। ਇਸ ਵਿਚ ਆਪਣੀ ਇੱਜਤ ਅਜਾਦੀ ਤੇ ਆਪਣੇ ਹੱਕਾਂ 'ਤੇ ਪਹਿਰਾ ਦੇਣ ਵੱਲ ਇਸ਼ਾਰਾ ਸੀ, ਪਰ ਅੱਜ ਤੇ ਸਚਮੁਚ ਪਗੜੀ ਸੰਭਾਲਣ ਤੇ ਇਸ 'ਤੇ ਬਕਾਇਦਾ ਅੰਦੋਲਨ ਕਰਨ ਦੀ ਜਰੂਰਤ ਮਹਿਸੂਸ ਹੋਣ ਲੱਗ ਪਈ ਏ। ਜਰੂਰਤ ਈ ਨਹੀਂ ਬਲਕਿ ਜਰੂਰੀ ਹੋ ਗਿਆ ਏ ਕਿ ਇਸ ਨਾਅਰੇ 'ਤੇ ਪਹਿਰਾ ਦਿੰਦੇ ਹੋਏ ਆਪਣੀ ਪਗੜੀ ਨੂੰ ਸੰਭਾਲਿਆ ਜਾਵੇ।” ''ਗਿਆਨੀ ਜੀ, ਗੱਲ ਤੁਹਾਡੀ ਠੀਕ ਏ ਅੱਜ ਸਿੱਖ ਚਾਰੇ ਪਾਸੇ ਤੋਂ ਘਿਰਿਆ ਹੋਇਆ ਏ। ਅੱਜ ਤੇ ਵਾਕਇ ਈ ਪਗੜੀ ਸੰਭਾਲਣ ਦੀ ਜਰੂਰਤ ਪੈ ਗਈ ਏ। ਕੱਲ੍ਹ ਕਿਰਪਾਨ ਦੀ ਇਜਾਜ਼ਤ ਨਹੀਂ ਸੀ ਹਵਾਈ ਸਫ਼ਰ ਕਰਨ ਵੇਲੇ ਤੇ ਅੱਜ ਸਾਡੀ ਦਸਤਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਏ।” ''ਮਾਸਟਰ ਜੀ ਉਂਝ ਜਥੇਬੰਦੀਆਂ, ਕਮੇਟੀਆਂ ਤੇ ਚੌਧਰੀਆਂ ਦੀ ਕੋਈ ਗਿਣਤੀ ਨਹੀਂ ਏ ਦੇਸ਼ ਤੇ ਵਿਦੇਸ਼ ਵਿਚ ਪਰ ਜਦ ਕੁਝ ਕਰਨ ਦਾ ਸਮਾਂ ਆਉਂਦਾ ਏ ਤੇ ਸਾਰੇ ਸੋਚਦੇ ਹਨ ਕਿ ਕੋਈ ਹੋਰ ਈ ਕਰੇ, ਤੇ ਇਸਦਾ ਨਤੀਜਾ ਇਹ ਕਿ ਵੱਖ ਵੱਖ ਦੇਸ਼ਾਂ ਦੇ ਨਾਗਰਿਕਾਂ ਸਾਹਮਣੇ ਇਟਲੀ ਦੇ ਏਅਰਪੋਰਟ 'ਤੇ ਇਕ ਸਿੱਖ ਨੂੰ ਆਪਣੀ ਪਗੜੀ ਦੀ ਉਡੀਕ ਬਾਥਰੂਮ ਵਿਚ ਨੰਗੇ ਸਿਰ ਕਰਨੀ ਪਈ ਹਾਲਾਂਕਿ ਇਹ ਇਕ ਨਾਮਵਰ ਵਿਅਕਤੀ ਸੀ ਤੇ ਆਮ ਜਨਤਾ ਦਾ ਕੀ ਹਾਲ ਹੋਊ।” ਦੀਸ਼ਾ ਬੋਲਿਆ, ਉਂਝ ਤੇ ਘੜੰਮ ਚੌਧਰੀ ਬਹੁਤ ਨੇ ਤੇ ਬਾਬੇ ਵੀ ਬਹੁਤ ਨੇ ਆਏ ਦਿਨ ਡਾੱਲਰ ਪੌਡ ਤੇ ਯੂਰੋ ਇਕੱਠੇ ਕਰਨ ਲਈ ਵਿਦੇਸ਼ੀ ਟੂਰਾਂ 'ਤੇ ਚੱਲੇ ਰਹਿੰਦੇ ਨੇ ਤੇ ਆਹ ਜੋ ਕੰਮ ਸਾਡੀ ਇੱਜਤ ਦਾ ਮਾਮਲਾ ਏ ਇਹ ਭਲਾ ਕੌਣ ਕਰੂਗਾ?” ''ਮਾਸਟਰ ਜੀ ਗੱਲ ਤੁਹਾਡੀ ਠੀਕ ਏ ਸਰਕਾਰ ਤੇ ਤਾਂ ਪਹਿਲਾਂ ਈ ਕੋਈ ਆਸ ਨਹੀਂ ਹਾਲਾਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਕ ਪਗੜੀਧਾਰੀ ਸਿੱਖ ਏ ਤੇ ਰਾਜ ਕਰਦੀ ਪਾਰਟੀ ਸਰਕਾਰ ਦਾ ਇਕ ਮੁੱਖੀ ਵੀ ਇਟਲੀ ਸ਼ਹਿਰ ਦਾ ਬਾਸ਼ਿੰਦਾ ਏ।” ''ਗਿਆਨੀ ਜੀ ਜੋ ਸਰਕਾਰ ਆਪਣੇ ਦੇਸ਼ ਵਿਚ ਹੋਏ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 25 ਸਾਲ ਤੋਂ ਵੱਧ ਬੀਤ ਜਾਣ 'ਤੇ ਵੀ ਕੋਈ ਸਜਾ ਨਹੀਂ ਦਿਵਾ ਸਕੀ ਉਸ 'ਤੇ ਕੀ ਆਸ ਹੋਊ?” ''ਮਾਸਟਰ ਜੀ ਜਿਨ੍ਹਾਂ ਸਿੰਘਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ ਉਨ੍ਹਾਂ ਨੂੰ ਤੇ ਝੱਟ ਫਾਂਸੀ 'ਤੇ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ, ਕੀ ਗੱਲ ਬਾਕੀਆਂ ਲਈ ਇਨਸਾਫ ਮੁੱਕ ਗਿਆ ਜੋ ਹਜਾਰਾਂ ਬੇਦੋਸ਼ਿਆਂ ਦੇ ਕਤਲ ਦੇ ਗੁਨਾਹਗਾਰ ਨੇ ਉਨ੍ਹਾਂ ਨੂੰ ਹਾਲੇ ਤੱਕ ਕੋਈ ਸਜਾ ਨਹੀਂ ਹੋ ਸਕੀ?” ''ਬਈ ਸੇਮੀ ਮੇਰਾ ਦੇਸ਼ ਮਹਾਨ ਜੋ ਏ, ਇਹ ਤਾਂ ਈ ਤੇ ਮਹਾਨ ਏ ਕਿ ਇਥੇ ਲੋਕੀਂ ਇਨਾਂ ਹਾਲਾਤਾਂ ਦੇ ਬਾਵਜੂਦ ਜਿਉਂਦੇ ਨੇ ਤੇ ਰੁੱਖੀ ਸੁਖੀ ਰੋਟੀ ਖਾਈ ਜਾਂਦੇ ਨੇ, ਬਾਕੀ ਗਿਆਨੀ ਜੀ ਇਹ ਪਗੜੀ ਦਾ ਮਸਲਾ ਤੇ ਕਾਫੀ ਗੰਭੀਰ ਏ, ਜੇਕਰ ਇਸਨੂੰ ਜਲਦੀ ਹੀ ਹੱਲ ਨਹੀਂ ਕਰ ਲਿਆ ਗਿਆ ਤੇ ਭੇਡਚਾਲ ਪੈ ਜਾਵੇਗੀ, ਅੱਜ ਇਟਲੀ ਤੇ ਕੱਲ ਨੂੰ ਦੁਨੀਆਂ ਦੇ ਦੂਜੇ ਦੇਸ਼ ਕਿਹੜਾ ਕਿਸੇ ਤੋਂ ਘੱਟ ਰਹਿਣ ਲੱਗੇ ਨੇ ਤੇ ਇਵੇਂ ਉਹ ਦਿਨ ਦੂਰ ਨਹੀਂ ਜਿਸ ਦਿਨ ਇੰਦਰਾ ਗਾਂਧੀ ਏਅਰਪੋਰਟ ਦਿੱਲੀ 'ਤੇ ਵੀ ਸਿੰਘਾਂ ਦੀ ਪੱਗ ਲੁਹਾ ਕੇ ਦੇਖੀ ਜਾਣ ਲੱਗ ਪਵੇਗੀ।” ''ਫਿਰ ਤਾਂ ਮਾਸਟਰ ਜੀ ਲੱਗਦਾ ਸਿੰਘਾਂ ਨੂੰ ਆਪਣੀਆਂ ਈ ਏਰਪੋਰਟਾਂ ਤੇ ਆਪਣੇ ਈ ਜਹਾਜ ਬਨਾਉਣੇ ਪੈਣਗੇ।” ''ਦੀਪਿਆ ਸ਼ਾਇਦ ਇਹ ਨੌਬਤ ਨਾ ਆਵੇ, ਜਿਵੇਂ ਇੰਗਲੈਂਡ ਦੇ ਸਿੰਘਾਂ ਨੇ ਹੰਭਲਾ ਮਾਰਿਆ ਏ ਰਲ ਮਿਲ ਉਸੇ ਤਰ੍ਹਾਂ ਸਾਰੀਆਂ ਜਥੇਬੰਦੀਆਂ ਆਪਣੀ ਇੱਜਤ ਖਾਤਿਰ ਇਕੱਠੀਆਂ ਹੋ ਜਾਣ ਤੇ ਇਕ ਯੋਜਨਾਬੱਧ ਤਰੀਕੇ ਨਾਲ ਇਸ ਤਰ੍ਹਾਂ ਦੀ ਆਈ ਮੁਸ਼ਕਿਲ ਨੂੰ ਹੱਲ ਕੀਤਾ ਜਾਵੇ। ਆਪਣੇ ਦੇਸ਼ ਦੀ ਸਰਕਾਰ ਰਾਹੀਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖਾਂ ਤੇ ਪਗੜੀ ਦੀ ਅਹਿਮੀਅਤ ਸਮਝਾਈ ਜਾਵੇ।” ''ਮਾਸਟਰ ਜੀ, ਪਹਿਲਾਂ ਕੁਝ ਕਰਨ ਤੋਂ ਸਾਨੂੰ ਆਪਣਾ ਆਪ ਸੰਭਾਲਣਾ ਪਵੇਗਾ। ਸਾਨੂੰ ਆਪ ਪਗੜੀ ਦੀ ਕਦਰ ਕਰਨੀ ਪਵੇਗੀ ਜੋ ਫੈਸ਼ਨਵਸ ਆਪ ਪਟਕੇ ਜਿਹੇ ਬੰਨਦੇ ਨੇ ਇਹ ਛੱਡਣੇ ਪੈਣਗੇ ਤੇ ਜਨਤਕ ਥਾਵਾਂ 'ਤੇ ਸਫਰ ਕਰਦਿਆਂ ਦਸਤਾਰ ਦੀ ਆਪ ਇੱਜਤ ਬਣਾ ਕੇ ਰੱਖਣੀ ਪਵੇਗੀ ਦੇਖਿਆ ਏ ਕਈ ਵਾਰ ਕਈ ਸਿੰਘ ਪਗੜੀ ਨੂੰ ਟੋਪੀ ਦੀ ਤਰ੍ਹਾਂ ਉਤਾਰ ਕੇ ਜਿਥੇ ਸਮਾਨ ਰੱਖੀਦਾ ਏ ਹਵਾਈ ਜਹਾਜ ਅਤੇ ਰੇਲਗੱਡੀ ਵਿਚ ਉਥੇ ਰੱਖ ਦਿੰਦੇ ਨੇ ਤੇ ਆਪ ਈ ਸੋਚ ਲਓ ਜੋ ਨਾਲ ਯਾਤਰਾ ਕਰਦੇ ਨੇ ਉਹ ਯਾਤਰੀ ਕੀ ਸੋਚਦੇ ਹੋਣਗੇ?” ''ਗਿਅਨੀ ਜੀ ਮੈਂ ਕਹਿਨਾ ਬਈ ਜੋ ਵੀ ਸਿੱਖ ਜਿਨ੍ਹਾਂ ਦੇ ਨਾਂਅ ਮਗਰ ਸਿੰਘ ਲੱਗਦਾ ਏ ਜੋ ਵਿਦੇਸ਼ਾਂ ਵਿਚ ਰਹਿੰਦੇ ਨੇ ਪਗੜੀ ਪਹਿਨਣੀ ਸ਼ੁਰੂ ਕਰ ਦੇਣ ਰੋਜ ਨਹੀਂ ਤਾਂ ਯਾਤਰਾ ਕਰਨ ਸਮੇਂ ਈ ਸਹੀ ਅੱਧੀ ਮੁਸ਼ਕਿਲ ਤੇ ਇਵੇਂ ਈ ਹੱਲ ਹੋ ਜਾਵੇਗੀ ਤੇ ਵਿਦੇਸ਼ੀ ਪੁਲਿਸ ਅਫ਼ਸਰਾ ਨੂੰ ਪਤਾ ਲੱਗ ਜਾਵੇਗਾ ਇਹ ਸਿੰਘ ਨਾਮ ਵਾਲੇ ਸਾਰੇ ਸਿੱਖ ਨੇ ਦਸਤਾਰ ਇਨ੍ਹਾਂ ਲਈ ਕੀ ਮਾਇਨੇ ਰੱਖਦੀ ਏ, ਜੋ ਸਿੰਘਾਂ ਨੂੰ ਅਫਗਾਨੀ ਜਾਂ ਬਿਨ ਲਾਦੇਨ ਦੇ ਨਾਲਦੇ ਮੰਨਦੇ ਨੇ ਆਪਣੇ ਆਪ ਸਿੰਘਾਂ ਤੇ ਦੂਜਿਆਂ ਵਿਚ ਫਰਕ ਕਰਨਾ ਸਿੱਖ ਜਾਣਗੇ।” ''ਗੱਲ ਤੇਰੀ ਠੀਕ ਏ ਦੀਸ਼ਾ ਸਿੰਹਾ ਇਹਦਾ ਹੋਰ ਵੀ ਇਲਾਜ ਕੀਤਾ ਜਾ ਸਕਦਾ ਬਈ ਬਾਹਰ ਵਿਦੇਸ਼ਾਂ ਵਿਚ ਰਹਿੰਦੇ ਸਿੰਘ ਨਗਰ ਕੀਰਤਨਾਂ 'ਤੇ ਬਹੁਤ ਪੈਸਾ ਖਰਚਦੇ ਨੇ ਖਰਚਣਾ ਵੀ ਚਾਹੀਦਾ ਏ ਪਰ ਉਸ ਦਾ ਕੁਝ ਪ੍ਰਤੀਸ਼ਤ ਜੇ ਆਪਣੇ ਧਰਮ ਦੇ ਪ੍ਰਚਾਰ, ਆਪਣੇ ਧਰਮ ਦੀ ਜਾਣਕਾਰੀ ਉਨ੍ਹਾਂ ਦੇਸ਼ਾਂ ਵਿਚ ਵੰਡੀ ਜਾਵੇ, ਅਖਬਾਰਾਂ ਟੈਲੀਵਿਯਨ 'ਤੇ ਕੁਝ ਸਮਾਂ ਆਪਣੇ ਧਰਮ ਬਾਰੇ ਦੱਸਿਆ ਜਾਵੇ ਤੇ ਮੇਰਾ ਖਿਆਲ ਏ ਇਸਦਾ ਕੁਝ ਜਿਆਦਾ ਫਾਇਦਾ ਹੋਵੇਗਾ ਪਰ ਐਂ ਹੋਣਾ ਨਹੀਂ, ਹੈਲੀਕਾਪਟਰ ਨਾਲ ਨਗਰ ਕੀਰਤਨ 'ਤੇ ਫੁੱਲਾਂ ਦੀ ਵਰਖਾ ਤੇ ਹੋ ਜਾਵੇਗੀ ਪਰ ਇਧਰ ਨੂੰ ਕਿਸੇ ਨੇ ਧਿਆਨ ਨਹੀਂ ਦੇਣਾ, ਕਿਉਂਕਿ ਪ੍ਰਧਾਨ ਦੀ ਬੱਲੇ ਬੱਲੇ ਜੋ ਹੋਣੀ ਏ।” ਅਮਲੀ ਬੰਤਾ ਵੀ ਲੱਗਦਾ ਜਾਗ ਪਿਆ ਸੀ। ''ਉਹ ਬੰਤਿਆ ਇਹ ਮੈਂ ਮੇਰੀ ਤੇ ਬੱਲੇ ਬੱਲੇ ਨੇ ਸਾਡੇ ਪੰਥ ਨੂੰ ਖੋਰਾ ਲਾਇਆ ਏ ਇਹ ਸਭ ਇਸਦਾ ਈ ਨਤੀਜਾ ਏ, ਇਸ ਵਕਤ ਸਾਡੀ ਸਰਵ ਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿਰਫ ਗੁਰੂ ਘਰਾਂ 'ਤੇ ਸੰਗਮਰਮਰ ਲਵਾਉਣ ਤੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਖੁਜਾਉਣ ਤੋਂ ਇਲਾਵਾ ਕੁਝ ਨਹੀਂ ਕਰਦੀ, ਕਿਸੇ ਟੈਲੀਵਿਯਨ ਦੀ ਖ਼ਬਰ ਤੋਂ ਬਾਅਦ ਤੇ ਕਮੇਟੀ ਨੂੰ ਪਤਾ ਚੱਲਦਾ ਏ ਬਈ 25 ਸਾਲ ਪਹਿਲਾਂ ਹਰਿਆਣੇ ਵਿਚ ਪੈਂਦੇ ਇਕ ਸਿੱਖਾਂ ਦੇ ਪਿੰਡ ਨੂੰ ਖਤਮ ਕਰ ਦਿੱਤਾ, ਕਿੰਨੇ ਲੋਕਾਂ ਦਾ ਕਤਲ ਕਰ ਖੂਹ ਭਰ ਦਿੱਤਾ, ਗੁਰੂ ਘਰ ਨੂੰ ਤੋੜ ਫੋੜ ਕੇ ਉਸ 'ਤੇ ਡੰਗਰ ਬੰਨਣ ਤੇ ਤੂੜੀ ਰੱਖਣ ਦਾ ਕੰਮ ਲਿਆ ਜਾ ਰਿਹਾ ਏ।” ''ਗਿਆਨੀ ਜੀ ਐਵੇਂ ਨਾ ਕਹੋ ਮਾੜਾ ਤੁਸੀਂ ਕਮੇਟੀ ਨੂੰ ਕਿਤੇ ਅੰਮ੍ਰਿਤਸਰ ਜਾ ਕੇ ਦੇਖ ਲਓ ਦਰਬਾਰ ਸਾਹਿਬ ਨਾਲ ਕਈ ਸਰਾਵਾਂ ਲੱਗਦੀਆਂ ਨੇ ਬਿਨਾਂ ਪਹੁੰਚ ਤੋਂ ਕਮਰਾ ਨਹੀਂ ਮਿਲਦਾ, ਇਹ ਵੀ ਤਾਂ ਇਕ ਉਪਲਬਧੀ ਏ।” ਸਾਰੇ ਹੱਸੇ ਦੀਪੇ ਨੇ ਗੱਲ ਜਾਰੀ ਰੱਖੀ। ''ਬਈ ਉੱਥੇ ਕਮਰੇ ਕਿਸੇ ਜਥੇਦਾਰ ਦੀ ਸਿਫਾਰਿਸ਼ ਜਾਂ ਕੁਝ ਜਾਣ ਪਹਿਚਾਣ ਤੇ ਜਾਂ ਫਿਰ ਨਗਦੀ ਤੋਂ ਬਗੈਰ ਨਹੀਂ ਮਿਲਦੇ, ਕਮਰੇ ਖਾਲੀ ਪਏ ਸਿਫਾਰਿਸ਼ ਦੀ ਉਡੀਕ ਵਿਚ ਬਰਾਂਡੇ 'ਚ ਥੱਲੇ ਪਏ ਯਾਤਰੀਆਂ ਵੱਲ ਦੰਦ ਕੱਢ ਕੱਢ ਹੱਸਦੇ ਨੇ ਤੇ ਦੇਰ ਨਾਲ ਆਏ ਸਿਫਾਰਿਸ਼ੀ ਸੱਜਣ ਬਰਾਂਡੇ 'ਚ ਪਏ ਸਿੰਘਾਂ ਦੀ ਪੱਗ ਦਾ ਠੁੱਡਾ ਮਾਰ ਕੇ ਲੰਘਦੇ ਹੋਏ ਜਾਂ ਰਾਤ ਨੂੰ 2 ਵਜੇ ਵੀ ਕਮਰਾ ਖੋਲ੍ਹ ਲੈਂਦੇ ਨੇ ਤੇ ਡਿਊਟੀ ਤੇ ਬੈਠਾ ਸੇਵਾਦਾਰ ਕਮਰਾ ਖੋਲ੍ਹ ਕੇ ਕੁਝ ਹੋਰ ਚੀਜ ਦੀ ਜਰੂਰਤ ਤਾਂ ਨਹੀਂ ਇਹ ਪੁੱਛਣਾ ਨਹੀਂ ਭੁੱਲਦਾ ਏ ਤੇ ਆ ਯਾਤਰੂ ਜੋ ਦਰਬਾਰ ਸਾਹਿਬ ਦਰਸ਼ਣਾਂ ਲਈ ਜਾਂਦੇ ਨੇ ਭਾਵੇਂ ਅਤਿ ਦੀ ਸਰਦੀ ਵਿਚ ਆਪਣੇ ਛੋਟੇ ਬੱਚਿਆਂ ਨਾਲ ਬਰਾਂਡੇ 'ਚ ਪਏ ਠਰਦੇ ਹੋਣ।” ''ਇਹ ਤਾਂ ਕੁਝ ਨਹੀਂ ਦੀਪੇ ਇਕ ਵਾਰ ਉੱਥੇ ਇਕ ਅੰਮ੍ਰਿਤਧਾਰੀ ਸਿੰਘ ਜੋ ਇਕ ਲੱਤ ਤੋਂ ਅਪਾਹਜ ਸੀ ਉਸਨੇ ਉਨ੍ਹਾਂ ਪ੍ਰਬੰਧਕਾਂ ਨੂੰ ਬਹੁਤ ਬੇਨਤੀ ਕੀਤੀ ਬਈ ਮੈਂ ਬਾਹਰ ਹਾਲ ਵਿਚ ਨਹੀਂ ਪੈ ਸਕਦਾ, ਮਾਤਰ ਪੈਰ ਲੱਗ ਜਾਣ 'ਤੇ ਵੀ ਮੇਰੀ ਲੱਤ ਵਿਚ ਬਹੁਤ ਦਰਦ ਹੁੰਦਾ, ਕਿਰਪਾ ਕਰ ਕੇ ਕਿਸੇ ਕਮਰੇ ਵਿਚ ਜਗ੍ਹਾ ਦੇ ਦਿਓ, ਉਨ੍ਹਾਂ ਪ੍ਰਬੰਧਕਾਂ ਨੇ ਇਕ ਸਿਫਾਰਿਸ਼ ਦੀ ਗੈਰਹਾਜਰੀ 'ਚ ਉਸਨੂੰ ਕਮਰਾ ਤੇ ਨਹੀਂ ਦਿੱਤਾ ਤੇ ਉੱਤੋਂ ਜੋ ਉਸ ਨਾਲ ਵਰਤਾਓ ਕੀਤਾ ਉਹ ਵੀ ਕਾਬਿਲੇ ਤਾਰੀਫ ਸੀ, ਬੱਸ ਉਸ ਸਿੰਘ ਨੂੰ ਪਾ ਕੇ ਕੁੱਟਣਾ ਈ ਬਾਕੀ ਰਹਿ ਗਿਆ ਸੀ, ਸ਼ਾਇਦ ਇਹ ਵੀ ਹੋ ਜਾਂਦਾ ਜੇ ਖਿੜਕੀ 'ਚ ਜਿਆਦਾ ਥਾਂ ਹੁੰਦੀ।” ''ਫਿਰ ਮਾਸਟਰ ਜੀ ਤੁਸੀਂ ਆਪ ਈ ਅੰਦਾਜਾ ਲਗਾ ਲਓ ਬਈ ਜਿਸ ਪਾਰਟੀ ਮਤਲਬ ਕਿ ਕਮੇਟੀ ਦੇ ਸੇਵਾਦਾਰ ਇਹੋ ਜਿਹੀ ਭਾਵਨਾ ਰੱਖਦੇ ਨੇ ਤੇ ਫਿਰ ਪਗੜੀ ਦੀ ਸਾਰ ਕੌਣ ਲਊ? ਸਰਕਾਰ ਤੱਕ ਤੇ ਬਾਅਦ 'ਚ ਪਹੁੰਚੂ ਪਹਿਲੇ ਆਪਣੀ ਕਮੇਟੀ ਕੁਝ ਕਰੂਗੀ? ਹੁਣ ਤੇ ਪੰਜਾਬ ਦੀ ਸਰਕਾਰ ਵੀ ਆਪਣੀ ਏ।” ''ਗਿਆਨੀ ਜੀ ਆਪਣੀ ਕਾਹਦੀ ਸਾਡੀ ਅਕਾਲੀ ਪਾਰਟੀ ਅੱਜ ਬੀਜੇਪੀ ਦੀ ਪਿੱਠ ਠੋਕੂ ਏ ਜੋ ਕਿ ਆਰਐਸਐਸ ਦਾ ਇਕ ਅੰਗ ਏ ਤੇ ਆਰਐਸਐਸ ਤੇ ਆਮ ਸਿੱਖਾਂ ਦੀ ਪੱਗ ਪੈਰਾਂ 'ਚ ਸੁੱਟਣ ਨੂੰ ਤਤਪਰ ਏ ਤੇ ਅਕਾਲੀ ਪਾਰਟੀ ਨੂੰ ਪੱਗ ਮੁੜ ਸਿਰ 'ਤੇ ਕਿਸ ਤਰ੍ਹਾਂ ਰੱਖਣ ਦਊ?” ''ਮਾਸਟਰ ਜੀ ਇੰਜ ਗੱਲ ਨਹੀਂ ਜੇ ਬਨਣੀ ਸਾਨੂੰ ਇਕ ਹੋਣਾ ਪਊ, ਮੈਂ ਮੇਰੀ ਛੱਡ ਇਕ ਝੰਡੇ ਥੱਲੇ ਇਕੱਠੇ ਹੋਣਾ ਪਊ ਤੇ ਇਹੋ ਜਿਹੇ ਮਸਲਿਆਂ ਨੂੰ ਇਕੱਲਾ ਸੋਚਣ ਨਾਲ ਗੱਲ ਨਹੀਂ ਬਨਣੀ ਕੁਝ ਨਾ ਕੁਝ ਕਰਨਾ ਪਊ, ਦੂਸਰਾ ਕੋਈ ਕਦਮ ਚੁੱਕੇ ਇਹ ਵਿਚਾਰ ਛੱਡ ਆਪ ਹੰਭਲਾ ਮਾਰਨਾ ਪਊ ਤੇ 'ਪਗੜੀ ਸੰਭਾਲ ਸਿੱਖਾ ਪਗੜੀ' ਦਾ ਨਾਹਰਾ ਲਾਉਣਾ ਪਊ!”

alt

Joomla Templates and Joomla Extensions by ZooTemplate.Com