Saturday, May 19th

Last update11:08:48 PM GMT

ਘੁਣਤਰੀ

ਪੱਤਰਕਾਰੋ! ਤੁਸੀ ਕਹਿੜਾ ਅਜੇ ਤੱਕ ਟੈਂਕੀਆਂ 'ਤੇ ਚੜੇ ਓ, ਬਈ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ'

ਆਹ ਤਾਂ ਬਈ ਕਮਾਲ ਈ ਹੋ ਗੀ, ਕਹਿੰਦੇ ਨੇ ਲੁਧਿਆਣੇ ਦੀ ਜੇਲ 'ਚ ਇੱਕ ਕੈਦੀ ਈ ਪਾਣੀ ਵਾਲੀ ਟੈਂਕੀ 'ਤੇ ਜਾ ਚੜਿਆ ਤੇ ਟੈਂਕੀ ਤੋਂ ਛਾਲ ਮਾਰ ਦੇਣ ਦੀ ਧਮਕੀਆਂ ਦੇ ਕੇ ਛੁੱਟੀ ਮੰਗਣ ਲੱਗ ਪਿਆ ਸੀ'' ਬਿੱਕਰ ਜੁੱਤੀ ਲਾਹ ਕੇ ਤਖਤਪੋਸ 'ਤੇ ਬੈਠ ਗਿਆ। '' ਭਾਈ! ਜਿਵੇਂ ਕਹਿੰਦੇ ਹੁੰਦੇ ਨੇ ਬਈ ਰੋਏ ਤੋਂ ਬਿਨਾਂ ਤਾਂ ਮਾਂ ਵੀ ਬੱਚੇ ਨੂੰ ਦੁੱਧ ਨਈ ਚੂੰਘਾਉਂਦੀ , ਉਵੇਂ ਭਾਈ ! ਏਸ ਕੈਦੀ ਨੇ ਵੀ ਸੋਚ ਲਿਆ ਹੋਣੈ, ਬਈ ਜੇ ਛੁੱਟੀ ਮਨਜੂਰ ਕਰਾਉਂਣੀ ਐ ਤਾਂ ਫੇਰ ਕੁਛ ਨਾ ਕੁਛ ਕਰਨਾ ਈ ਪਊੁਂ, ਸੋ ਸੇਰੋਂ ! ਉਹ ਵਿਚਾਰਾ ਏੇਸੇ ਸੋਚ ਨੂੰ ਲੈ ਕੇ ਚੜ ਗਿਆ ਹੋਣੈ ਪਾਣੀ ਵਾਲੀ ਟੈਂਕੀ 'ਤੇ '' ਬਾਬਾ ਲਾਭ ਸਿੰਘ ਨੇ ਵੀ ਖੂੰਡਾ ਕੰਧ ਨਾਲ ਖੜਾ ਕਰ ਦਿੱਤਾ। ''ਬਾਬਾ ਜੀ! ਨਾਲੇ ਜਦੋਂ ਸਰਕਾਰਾਂ ਆਪ ਈ ਕਹਿਣ ਲੱਗ ਜਾਣ, ਬਈ ਜੇ ਕੁਛ ਲੈਣੈ ਤਾਂ ਪਾਣੀ ਵਾਲੀ ਟੈਂਕੀ 'ਤੇ ਚੜਨਾ ਜਰੂਰੀ ਐ, ਫੇਰ ਤਾਂ ਲੋਕਾਂ ਨੂੰ ਵੀ ਉਤਸਾਹ ਮਿਲਦੈ ਇਹੋ ਜਿਹੇ ਕਾਰਨਾਮੇ ਕਰਨ ਲਈ '' ਸਿੰਦੇ ਨੂੰ ਟੋਕਦਿਆਂ ਬਿੱਕਰ ਬੋਲਿਆ '' ਨਾ ਕਾਮਰੇਡਾ ! ਸਰਕਾਰ ਨੇ ਕਦੋਂ ਕਿਹੈ ਬਈ ਪਾਣੀ ਵਾਲੀਆਂ ਟੈਂਕੀਆਂ 'ਤੇ ਚੜੋ ? ਬਿੱਕਰ ਦੇ ਸਵਾਲ ਨੂੰ ਸੁਣ ਕੇ ਸਿੰਦੇ ਨੇ ਹਸਦਿਆਂ ਕਿਹਾ '' ਅਮਲੀਆ ! ਪਿਛੇ ਜਿਹੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਜਦੋਂ ਪੱਤਰਕਾਰਾਂ ਨੇ ਪੁਛਿਆ ਸੀ, ਬਈ ਚਾਰ ਸਾਲ ਹੋਗੇ ਪੰਜਾਬ 'ਚ ਥੋਡੀ ਸਰਕਾਰ ਬਣੀ ਨੂੰ, ਪਰ ਪੱਤਰਕਾਰਾਂ ਨਾਲ ਕੀਤੇ ਵਾਅਦਿਆਂ 'ਚੋ ਤੁਸੀ ਅਜੇ ਤੱਕ ਇਕ ਵੀ ਪੂਰਾ ਨਈਂ ਕੀਤਾ ਤਾਂ ਅੱਗਂੋ ਹਸ ਕੇ ਸੁਖਬੀਰ ਬਾਦਲ ਸਾਬ ਕਹਿਣ ਲੱਗੇ ਕਿ ਪੱਤਰਕਾਰੋ! ਤੁਸੀ ਕਹਿੜਾ ਅਜੇ ਤੱਕ ਟੈਂਕੀਆ 'ਤੇ ਚੜੇ ਓ, ਬਈ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ' ਮੈਨੂੰ ਲਗਦੈ ਇਹ ਗੱਲ ਲੁਧਿਆਣੇ ਆਲੇ ਕੈਦੀ ਨੇ ਵੀ ਸੁਣ ' ਲੀ ਹੋਣੀ ਐ, ਤੇ ਸੁਖਬੀਰ ਬਾਦਲ ਦੇ ਕਹੇ ਮੁਤਾਬਿਕ ਈ ਆਪਣੀ ਮੰਗ ਮਨਾਉਣ ਲਈ ਜਾ ਚੜਿਆ ਹੋਉੂਂ ਟੈਂਕੀ 'ਤ''ੇ ਸਿੰਦੇ ਦੀ ਗੱਲ 'ਤੇ ਸਾਰੇ ਹਸਣ ਲੱਗੇ। ''ਪੁਤਰੋ! ਗੱਲ ਹੱਸਣ ਦੀ ਨਈਂ , ਸਾਡੇ ਮੁਲਕ 'ਚ ਹੁਣ ਆਮ ਆਦਮੀ ਨੂੰ ਖਬਰ ਬਣਨ ਲਈ ਜਾਂ ਤਾਂ ਟੈਂਕੀ 'ਤੇ ਚੜਨਾ ਪੈਂਦੈ ਜਾਂ ਫੇਰ ਕਿਸੇ ਡੂੰਘੇ ਬੋਰ 'ਚ ਡਿਗਣਾ ਪੈਂਦੈ, ਇਥੇ ਕੁੜੀਆਂ ਟੈਂਕੀਆਂ 'ਤੇ ਚੜ-ਚੜ ਮੱਚ ਗਈਆਂ ਬਿਚਾਰੀਆਂ ਨੌਕਰੀ ਭਾਲਦੀਆਂ, ਹਰਿਆਣੇ ਦਾ ਇਕ ਛੋਟਾ ਜਿਹਾ ਜੁਆਕ ਪ੍ਰਿੰਸ ਉਦਂੋ ਖਬਰ ਬਣਿਆ ਸੀ ਜਦਂੋ ਉਹ ਢਾਈ ਸੌ ਫੁਟ ਡੂੰਘੇ ਬੋਰ ਜਾ ਡਿਗਿਆ ਸੀ, ਇਥੇ ਤਾਂ ਆਮ ਆਦਮੀ ਦਾ ਉਹ ਹਾਲ ਐ, ਬਈ ਮੇਲੇ 'ਚ ਚੱਕੀ ਰਾਹੇ ਦੀ ਕੌਣ ਸੁਣਦੈ, ਇਥੇ ਜੇ ਕਿਸੇ ਆਮ ਆਦਮੀ ਨੇ ਅਵਾਜ਼ ਉਠਾਉਣੀ ਐ ਤਾਂ ਉਹਨੂੰ ਚੌਕਾਂ ਵਿਚ ਖੜ੍ਰ ਹੋ ਕੇ ਮੱਚਣਾ ਪੈਂਦੇ ਇਥੇ , ਚਾਹੇ ਉਹ ਕੈਪਟਨ ਅਮਰਿੰਦਰ ਸਿੰਹੁ ਦੇ ਰਾਜ 'ਚ ਪਟਿਆਲਾ ਵਾਲਾ ਪ੍ਰਕਾਸ਼ ਪਰੌਠਿਆਂ ਵਾਲਾ ਹੋਵੇ, ਚਾਹੇ ਬਾਦਲ ਦੇ ਰਾਜ ਟੈਂਕੀ 'ਤੇ ਚੜਕੇ ਅੱਗ ਦੀ ਭੇਂਟ ਚੜਨ ਲਈ ਕੋਈ ਬੇਰਜੁਗਾਰ ਕੁੜੀ ਹੋਵੇ'' ਬਾਬਾ ਲਾਭ ਸਿੰਘ ਦੀ ਗੱਲ ਸੁਣ ਕੇ ਸਾਰੀ ਸੱਥ ਸੁੰਨ ਹੋ ਕੇ ਰਹਿ ਗਈ।

- ਘੁਣਤਰੀ

Joomla Templates and Joomla Extensions by ZooTemplate.Com

ਮਹਾਨ ਭਾਰਤ 'ਚ ਚੌਲ ਤਾਂ ਚਾਲੀ ਰੁਪਈਏ ਕਿਲੋ ਨੇ, ਪਰ ਮੋਬਾਇਲ ਦਾ ਸਿੰਮਕਾਰਡ ਮੁਫਤ ਐ

ਓ ਜਿਥੇ ਵੱਡਾ ਤੋਂ ਵੀ ਵੱਡਾ ਬੇਈਮਾਨ ਐ, ਉਸੇ ਦਾ ਈ ਨਾਉਂ ਭਾਰਤ ਮਹਾਨ ਐ'' ਬਿੱਕਰ ਸੱਥ 'ਚ ਤਖਤਪੋਸ਼ 'ਤੇ ਬੈਠਾ ਪੂਰੀ ਲੈਅ 'ਚ ਗਈ ਜਾ ਰਿਹਾ ਸੀ। ''ਓ ਅਮਲੀਆ! ਅੱਜ ਕਿਵੇਂ ਰੰਗਾਂ 'ਚ ਹੋਇਆ ਪਿਐਂ, ਬੜੀ ਤਰਜਾਂ ਕੱਢੀ ਜਾਨੈ'' ਸਿੰਦੇ ਨੇ ਆਉਂਦਿਆਂ ਨੇ ਹੀ ਬਿੱਕਰ ਨੂੰ ਛੇੜਿਆ। '' ਕਾਮਰੇਡਾ! ਸੱਚੀ ਗੱਲ ਐ। ਵਾਕਿਆ ਈ ਸਾਡਾ ਭਾਰਤ ਮਹਾਨ ਐ, ਕਾਲਾ ਧਨ ਵਿਦੇਸ਼ਾਂ ਦੀਆਂ ਬੈਂਕਾਂ 'ਚ ਰੱਖਣ ਵਾਲਿਆਂ ਦੇ ਸਰਕਾਰ ਨਾਉਂ ਨਈਂ ਦੱਸਦੀ ਤੇ ਲੋਕਾਂ ਦੇ ਹਿੱਤਾਂ ਲਈ ਅਵਾਜ ਉਠਾਉਣ ਵਾਲੇ ਡਾਕਟਰ ਬਿਨਾਇਕ ਨੂੰ ਸਾਡੇ ਮੁਲਕ ਦੀ ਅਦਾਲਤ ਜਮਾਨਤ ਨਈ ਦਿੰਦੀ , ਹੈ ਨਾ ਕਮਾਲ ਦੀ ਗੱਲ , ਜੋ ਮਹਾਨ ਮੁਲਕ 'ਚ ਹੋ ਸਕਦੀ ਐ'' ਸ਼ਿੰਦੇ ਨੇ ਬਿੱਕਰ ਦੀ ਗੱਲ 'ਤੇ ਹੱਸਦਿਆਂ ਕਿਹਾ ''ਅਮਲੀਆ ! ਇਹ ਤਾਂ ਤੇਰੀ ਗੱਲ ਸੋਲਾਂ ਆਨੇ ਐ, ਸਾਡੇ ਮੁਲਕ 'ਚ ਐਬੂਲੈਂਸ ਨਾਲੋ ਪੀਜਾ ਵੰਡਣ ਆਲੀ ਗੱਡੀ ਪਹਿਲਾਂ ਪਹੁੰਚ ਜਾਦੀ ਐ'' ਕਾਰ ਖਰੀਦ ਲਈ ਵਿਆਜ 5 ਫੀਸਦੀ ਐ, ਪਰ ਜੇ ਕਿਸੇ ਗਰੀਬ ਨੇ ਪੜਾਈ ਲਈ ਕਰਜਾ ਲੈਣਾ ਹੋਵੇ ਤਾਂ ਵਿਆਜ 12 ਫੀਸਦੀ ਐ'' ਸ਼ਿੰਦੇ ਨੂੰ ਟੋਕਦਿਆਂ ਬਿੱਕਰ ਬੋਲਿਆ ''ਕਾਮਰੇਡਾ! ਮਹਾਨ ਭਾਰਤ 'ਚ ਚੌਲ ਤਾਂ ਚਾਲੀ ਰੁਪਈਏ ਕਿਲੋ ਨੇ , ਪਰ ਮੋਬਾਇਲ ਦਾ ਸਿੰਮਕਾਰਡ ਮੁਫਤ ਐ'' ਬਿੱਕਰ ਦੀ ਗੱਲ ਸੁਣ ਕੇ ਸਾਰੀ ਸੱਥ ਵਿਚ ਹਾਸੜ ਪੈ ਗਈ। ''ਪੁਤਰੋ! ਭਾਰਤ ਦੀ ਮਹਾਨਤਾ ਦੀਆਂ ਕੀ ਗੱਲਾਂ ਕਰਦੇ ਓ, ਏਥੇ ਤਾਂ ਭਾਈ ਧੀਆਂ ਨੂੰ ਕੁੱਖਾਂ 'ਚ ਈ ਮਾਰਨ ਵਾਲੇ , ਦੁਰਗਾ ਦੀ ਪੂਜਾ ਕਰਦੇ ਨੇ'' ਬਾਬਾ ਲਾਭ ਸਿੰਘ ਨੇ ਵੀ ਬਹਿਸ 'ਚ ਹਿੱਸਾ ਪਾਇਆ। '' ਬਾਬਾ ਜੀ! ਵਾਕਿਆ ਈ ਸਾਡੇ ਦੇਸ ਦੀ ਮਹਾਨਤਾ ਨੂੰ ਸਲਾਮ ਕਰਨ ਬਣਦੈ, ਇਥੇ ਹੋਈਆਂ ਕਾਮਨਵੈਲਥ ਖੇਡਾਂ 'ਚ ਬਨਾਉਟੀ ਗੋਲੀ ਨਾਲ ਨਿਸ਼ਾਨਾ ਲਾਉਣ ਵਾਲੇ ਖਿਡਾਰੀ ਨੂੰ ਤਾਂ ਤਿੰਨ ਕਰੋੜ ਰੁਪਈਏ ਦੇ ਨਾਲ ਸੋਨਾ ਦਾ ਤਮਗਾ ਵੀ ਮਿਲਦੈ, ਪਰ ਸਰਹੱਦਾਂ 'ਤੇ ਦੇਸ ਦੇ ਦੁਸਮਣਾਂ ਦੀ ਹਿੱਕ ਗੋਲੀ ਮਾਰਨ ਵਾਲੇ ਸ਼ਹੀਦ ਹੋਏ ਫੌਜੀ ਨੂੰ ਇੱਕ ਲੱਖ ਰੁਪਈਆ ਈ ਦਿੱਤਾ ਜਾਂਦੈ'' ਸਿੰਦੇ ਨੇ ਵੀ ਟਕੋਰ ਲਾਈ ''। '' ਪੁਤਰੋ! ਸਾਡੇ ਮੁਲਕ ਜਿੰਨਾ ਪੈਸਾ ਲੀਡਰਾਂ ਦੀ ਸੁਰੱਖਿਆ 'ਤੇ ਖਰਚ ਹੁੰਦੈ, ਉਨਾਂ ਪੈਸੇ ਨਾਲ ਤਾਂ ਸਾਰੀ ਗਰੀਬ ਜਨਤਾ ਦੇ ਜੁਆਕ ਪੜਾਏ ਜਾ ਸਕਦੇ ਨੇ, ਪਰ ਸਾਡੇ ਮੁਲਕ ਦੇ ਹਾਕਮਾਂ ਦੀਆਂ ਨੀਤੀਆਂ ਈ ਇਹੋ ਜਿਹੀਆਂ ਨੇ , ਬਈ ਉਨਾਂ ਨਾਲ ਗਰੀਬ ਹੋਰ ਗਰੀਬ ਹੋ ਰਿਹੈ ਤੇ ਅਮੀਰਾਂ ਕੋਲ ਪੈਸੇ ਦੇ ਢੇਰ ਦਿਨੋਂ ਦਿਨ ਵੱਡੇ ਹੋ ਰਹੇ ਨੇ'' ਬਾਬਾ ਲਾਭ ਸਿੰਘ ਬੋਲਦਾ- ਬੋਲਦਾ ਗੰਭੀਰ ਹੋ ਗਿਆ। '' ਬਾਬਾ ਜੀ! ਇਹ ਸਾਡੇ ਹਾਕਮਾਂ ਦੀਆਂ ਨੀਤੀਆਂ ਦਾ ਈ ਸਿੱਟਾ ਐ , ਬਈ ਅਜਾਦੀ ਮਿਲੀ ਤੋਂ 64 ਸਾਲ ਬਾਅਦ ਵੀ ਲੋਕਾਂ ਨੂੰ ਰੋਜਗਾਰ ਦੇਣ ਦੀ ਥਾਂ ਸਰਕਾਰਾਂ ਸਸਤਾ ਆਟਾ ਦਾਲ ਦੇ ਰਹੀਆਂ ਨੇ'' ਸੱਥ ਵਿਚ ਹੋਈਆਂ ਗੱਲਾਂ ਨੂੰ ਸੋਚਦੇ-ਸੋਚਦੇ ਸਾਰੇ ਆਪੋ ਆਪਣੇ ਘਰਾਂ ਨੂੰ ਤੁਰ ਗਏ।

- ਘੁਣਤਰੀ

Joomla Templates and Joomla Extensions by ZooTemplate.Com

ਆਪ ਵੀ ਡੁਬਿਐਂ ਬਾਮਣਾਂ, ਨਾਲ ਜਜ਼ਮਾਨ ਵੀ ਰੋੜ'ਤੇ

''ਲੈ ਬਈ ਕਾਮਰੇਡਾ! ਇਹ ਤਾਂ ਉਹੀ ਗੱਲ ਹੋਗੀ, ਜੇਹੜੀ ਤੂੰ ਕੱਲ ਕਹਿੰਦਾ ਸੀ, ਨਾਲੇ ਤਾਂ ਮਨਪ੍ਰੀਤ ਬਾਦਲ ਦੀ ਸਿਆਸਤ ਦਾ ਕੀਰਤਨ ਸੋਹਲਾ ਪੜਿਆ ਗਿਐ ਤੇ ਨਾਲ ਈ ਵਿਚਾਰਾ ਰਾਮੂਵਾਲੀਆ ਰਗੜਿਆ ਗਿਐ, '' ਬਿੱਕਰ ਦੇ ਮੋਢੇ 'ਤੇ ਹੱਥ ਰੱਖਦਿਆਂ ਸ਼ਿੰਦੇ ਨੇ ਜਵਾਬ ਦਿੱਤਾ '' ਅਮਲੀਆ! ਜਿਵੇਂ ਕਹਿੰਦੇ ਹੁੰਦੇ ਨੇ ਬਈ ਆਪ ਵੀ ਡੁਬਿਐਂ ਬਾਮਣਾਂ, ਨਾਲ ਜਜ਼ਮਾਨ ਵੀ ਰੋੜ'ਤੇ ਨੇ, ਮਨਪ੍ਰੀਤ ਬਾਦਲ ਦਾ ਤਾਂ ਉਹੋ ਜਿਹਾ ਹਾਲ ਈ ਹੋਇਐ, ਉਹਦੇ ਨਾਲ ਨਾਲ ਤਾਂ ਕਾਮਰੇਡ ਤੇ ਬਰਨਾਲੇਕੇ ਵੀ ਚੋਪੜੇ ਗਏ ਨੇ'' ਸ਼ਿੰਦੇ ਦੀ ਇਸ ਗੱਲ 'ਤੇ ਸਾਰੇ ਹੱਸ ਪਏ। ''ਪੁਤਰੋ! ਆਪਾਂ ਤਾਂ ਵੋਟਾਂ ਪੈਣ ਤੋਂ ਕਈ ਦਿਨ ਪਹਿਲਾਂ ਈ ਕਿਹਾ ਸੀ, ਬਈ ਜਿਵੇਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵੇਲੇ ਮਾਨ ਸਾਬ• ਨੇ ਅੱਡ ਚੋਣਾਂ ਲੜਨ ਦਾ ਫੈਸਲਾ ਕਰਕੇ ਪੰਥਕ ਮੋਰਚੇ ਵਾਲੇ ਰਗੜ'ਤੇ ਸੀ, ਹੁਣ ਵਿਧਾਨ ਸਭਾ ਚੋਣਾਂ ਵੇਲੇ ਉਵੇਂ ਈ ਮਨਪ੍ਰੀਤ ਬਾਦਲ ਨੇ ਕਾਂਗਰਸ ਰਗੜ ਦੇਣੀ ਐ, ਤੇ ਉਹੀ ਗੱਲ ਸੱਚ ਹੋਈ ਐ, ਬਾਦਲ ਦਲ ਦੇ ਕੋਈ ਵੀਹ ਉਮੀਦਵਾਰ ਤਾਂ ਇਹੋ ਜਿਹੇ ਜਿੱਤੇ ਨੇ, ਜਿਹਨਾਂ ਦੀ ਜਿੱਤ ਮਨਪ੍ਰੀਤ ਬਾਦਲ ਦੇ ਪਤੰਗ ਦੇ ਵਾਲੇ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੇ ਹਿਸਾਬ ਕਿਤਾਬ ਕਰਕੇ ਈ ਹੋਈ ਐ'' ਬਾਬਾ ਲਾਭ ਸਿੰਘ ਨੇ ਵਿਧਾਨ ਸਭਾ ਚੋਣਾਂ ਨੂੰ ਕਾਂਗਰਸ ਪਾਰਟੀ ਦੀ ਹਾਰ ਲਈ ਮਨਪ੍ਰੀਤ ਬਾਦਲ ਦੀ ਪਾਰਟੀ ਨੂੰ ਵੀ ਇੱਕ ਕਾਰਨ ਠਹਿਰਾਇਆ। '' ਬਾਬਾ ਜੀ! ਕੈਪਟਨ ਅਮਰਿੰਦਰ ਸਿੰਹੁ ਵੀ ਪਹਿਲਾਂ ਈ ਬਥੇਰਾ ਪਿਟਦਾ ਰਿਹੈ ਬਈ ਇਹ ਐਤਕੀਂ ਤਾਏ ਭਤੀਜੇ ਨੇ ਰਲ ਕੇ ਕਾਂਗਰਸ ਨੂੰ ਮਾਰਨੈ'' ਬਿੱਕਰ ਨੇ ਵੀ ਆਪਣੀ ਫਿਲਾਫਸੀ ਘੋਟੀ। '' ਹੋਰ ਤਾਂ ਹੋਰ ਐਤਕੀਂ ਦੀਆਂ ਚੋਣਾਂ 'ਚ ਪੰਜਾਬ ਦੇ ਲੋਕਾਂ ਨੇ ਕਈ ਗੱਲਾਂ ਇਹੋ ਜਿਹੀ ਕਰ'ਤੀਆਂ ਨੇ ਜਿਹਨਾਂ ਦੀ ਚਰਚਾ ਲੰਮੇ ਸਮੇਂ ਤੱਕ ਹੁੰਦੀ ਰਹੂ'' ਸ਼ਿੰਦੇ ਦੀ ਇਸ ਗੱਲ 'ਤੇ ਬਿੱਕਰ ਨੇ ਸਵਾਲ ਕੀਤਾ ''ਕਾਮਰੇਡਾ! ਇੱਕ ਤਾਂ ਇਤਿਹਾਸਿਕ ਗੱਲ ਇਹ ਹੋਈ ਐ, ਬਈ ਅਜਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ 'ਚ ਕੋਈ ਸਰਕਾਰ ਨੇ ਦੁਬਾਰਾ ਬਾਜੀ ਮਾਰੀ ਐ, ਹੋਰ ਕੇਹੜੀਆਂ ਇਹੋ ਜੀਹੀਆਂ ਗੱਲਾਂ ਹੋਈਆਂ ਨੇ, ਸਾਨੂੰ ਵੀ ਚਾਨਣਾ ਪਾ 'ਦੇ'' ਬਿੱਕਰ ਦੀ ਇਸ ਗੱਲ 'ਤੇ ਸ਼ਿੰਦੇ ਨੇ ਹੱਸਦਿਆਂ ਕਿਹਾ '' ਅਮਲੀਆ! ਇੱਕ ਪੰਜਾਬ ਦੇ ਲੋਕਾਂ ਨੇ ਸਿਆਸਤ 'ਚ ਆਏ ਅਫਸਰਾਂ ਨੂੰ ਇਹੋ ਜਿਹਾ ਰਗੜਿਐ, ਬਈ ਮੁੜ ਕੇ ਸਾਇਦ ਈ ਕੋਈ ਅਫਸਰ ਸਿਆਸਤ ਵੱਲ ਮੂੰਹ ਕਰੂ, ਦੂਜਾ ਮਨਪ੍ਰੀਤ ਬਾਦਲ ਸਮੇਤ ਰਾਮੂਵਾਲੀਆ, ਚੰਦੂਮਾਜਰਾ ਤੇ ਕਈ ਹੋਰ ਵੱਡੇ ਲੀਡਰ ਤਾਂ ਵਿਚਾਰੇ ਮਾਂਜੇ ਈ ਗਏ ਨੇ, ਨਾਲ ਕੈਪਟਨ ਸਾਬ• ਦਾ ਮੁੰਡਾ ਤੇ ਬੀਬੀ ਭੱਠਲ ਦਾ ਜਵਾਈ ਵੀ ਚੋਪੜ'ਤਾ, ਇਹਨਾਂ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੋਈ ਐ, ਬਈ ਐਤਕੀਂ ਦੀਆਂ ਵੋਟਾਂ ਨੇ ਸਿਰਸੇ ਵਾਲੇ ਸੌਦਾ ਸਾਧ ਦੀ ਵੋਟਾਂ ਦੀ ਸਾਰੀ ਫੂਕ ਕੱਢ ਕੇ ਰੱਚ ਦਿੱਤੀ ਐ, ਹੁਣ ਜੇਹੜਾ ਸੌਦਾ ਸਾਧ ਆਪਣੇ ਕੁੜਮ ਹਰਮਿੰਦਰ ਜੱਸੀ ਦਾ ਬੇੜਾ ਬੰਨੇ ਨਈਂ ਲਾ ਸਕਿਆ, ਉਹ ਹੋਰ ਕਿਸੇ ਦਾ ਕੀ ਸੰਵਾਰ ਜਾਂ ਵਿਗਾੜ ਸਕਦੈ''  ਸਾਰੇ ਜਣੇ ਸ਼ਿੰਦੇ ਵੱਲੋਂ ਕਹੀਆਂ ਇਹਨਾਂ ਗੱਲਾਂ ਦੇ ਅਸਲ ਕਾਰਨਾਂ ਬਾਰੇ ਸੋਚਣ ਲੱਗ ਪਏੇ।    

- ਘੁਣਤਰੀ

Joomla Templates and Joomla Extensions by ZooTemplate.Com

"ਦੇਖੀ! ਸਿਰਸੇ ਵਾਲੇ ਬਾਬੇ ਦੀ ਕਾਰਮਾਤ, ਸਿੱਖ ਆਪਸ ਵਿੱਚ ਈ ਲੜਾ'ਤੇ

ਲਓ ਬਈ ਮਿੱਤਰੋ! ਅੱਜ ਲੱਡੂ ਖਾਓ ਗਰਮਾ ਗਰਮ।" ਬਿੱਕਰ ਨੇ ਆਉਂਦਿਆਂ ਹੀ ਸੱਥ ਵਿੱਚ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਤਾਂ ਬਾਬਾ ਲਾਭ ਸਿੰਘ ਨੇ ਪੁਛਿਆ, ''ਓ ਭਾਈ ਬਿੱਕਰ ਸਿੰਹਾਂ! ਤੂੰ ਅੱਜ ਕਾਹਦੀ ਖੁਸ਼ੀ 'ਚ ਲੱਡੂ ਵੰਡੀ ਜਾਨੈ?" ਬਾਬਾ ਲਾਭ ਸਿੰਘ ਦੀ ਗੱਲ ਸੁਣ ਕੇ ਬਿੱਕਰ ਨੇ ਹੱਥ ਵਿੱਚਲਾ ਲੱਡੂਆਂ ਵਾਲਾ ਲਿਫਾਫਾ ਬੁੱਢੇ ਕੇ ਪਰਮੀ ਦੇ ਹਵਾਲਾ ਕੀਤਾ ਅਤੇ ਆਪ ਬਾਬਾ ਲਾਭ ਸਿੰਘ ਦੇ ਬਰਾਬਰ ਤਖਤਪੋਸ਼ 'ਤੇ ਬੈਠਕੇ ਜੁਆਬ ਦੇਣਾ ਸ਼ੁਰੂ ਕੀਤਾ, ''ਇਹ ਲੱਡੂ ਤਾਂ ਬਾਬਾ ਜੀ! ਸਾਡੀ ਪੱਤੀ ਵਾਲਾ ਓਹ ਸਿਰਸੇ ਵਾਲੇ ਸਾਧ ਦਾ ਚੇਲਾ ਮੱਘਰ ਕਾ ਭੋਲੂ ਵੰਡਦਾ ਫਿਰਦਾ ਸੀ, ਉਹਨੇ ਲੱਡੂਆਂ ਵਾਲਾ ਇਹ ਲਿਫਾਫਾ ਮੈਨੂੰ ਫੜਾ'ਤਾ ਤੇ ਮੈਂ ਲਿਆ ਕੇ ਇਥੇ ਸੱਥ 'ਚ ਵੰਡ'ਤਾ।" ਬਿੱਕਰ ਨੇ ਹੱਥਾਂ 'ਤੇ ਲੱਗੀ ਲੱਡੂਆਂ ਦੀ ਭੋਰ ਚੂਰ ਝਾੜੀ। ''ਪਰ ਅਮਲੀਆ! ਮੱਘਰ ਕਾ ਭੋਲੂ, ਇਹ ਲੱਡੂ ਕਾਹਦੀ ਖੁਸ਼ੀ 'ਚ ਵੰਡਦਾ ਫਿਰਦੈ?" ਸ਼ਿੰਦੇ ਨੇ ਉਤਸੁਕਤਾ ਨਾਲ ਪੁਛਿਆ। ''ਕਾਮਰੇਡਾ! ਮੱਘਰ ਕਾ ਭੋਲੂ ਨਾਲੇ ਤਾਂ ਇਹ ਲੱਡੂ ਵੰਡੀ ਜਾਂਦਾ ਸੀ ਤੇ ਨਾਲੇ ਕਹਿੰਦਾ ਫਿਰਦਾ ਸੀ ਬਈ ਦੇਖੀ! ਸਿਰਸੇ ਵਾਲੇ ਬਾਬੇ ਦੀ ਕਾਰਮਾਤ, ਸਿੱਖ ਆਪਸ ਵਿੱਚ ਈ ਲੜਾ'ਤੇ।" ਬਿੱਕਰ ਨੇ ਇਹ ਗੱਲ ਕਰਕੇ ਸ਼ਿੰਦੇ ਦੇ ਚਿਹਰੇ 'ਤੇ ਨਿਗ੍ਹਾ ਟਿਕਾ ਲਈ। ''ਹਾਂ ਭਾਈ! ਸਿਰਸੇ ਵਾਲੇ ਦੇ ਚੇਲੇ ਤਾਂ ਹੁਣ ਖੁਸ਼ੀਆਂ ਮਨਾਉਣਗੇ ਈ, ਜਦੋਂ ਸਿੱਖਾਂ ਦੇ ਧਾਰਮਿਕ ਆਗੂ ਈ ਇਉਂ ਇੱਕ ਦੂਜੇ ਦੇ ਖਿਲਾਫ਼ ਮਿਹਣੋਂ ਮਿਹਣੀ ਹੋਈ ਜਾਣਗੇ।" ਬਾਬਾ ਲਾਭ ਸਿੰਘ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਉੱਠੇ ਤਾਜ਼ਾ ਵਿਵਾਦ 'ਤੇ ਦੁੱਖ ਪ੍ਰਗਟਾਇਆ। ''ਓ ਬਾਬਾ ਜੀ! ਭੋਲੂ ਹੋਰੀਂ ਤਾਂ ਸ਼ਰੇਆਮ ਇਹ ਵੀ ਕਹਿੰਦੇ ਫਿਰਦੇ ਨੇ, ਬਈ ਤੁਸੀਂ ਕਦੇ ਸਾਡਾ ਕੋਈ ਪ੍ਰੇਮੀ ਦੇਖਿਐ, ਜੇਹੜਾ ਕਿਸੇ ਦੂਜੇ ਪ੍ਰੇਮੀ ਦੇ ਖਿਲਾਫ਼ ਇੱਕ ਵੀ ਸ਼ਬਦ ਬੋਲਦਾ ਹੋਵੇ, ਇੱਕ ਦੂਜੇ ਦੇ ਖਿਲਾਫ਼ ਬੋਲਣਾ ਤਾਂ ਕੀ, ਸਾਡੇ ਪ੍ਰੇਮੀ ਤਾਂ ਕਿਸੇ ਦੂਜੇ ਪ੍ਰੇਮੀ ਦੇ ਖਿਲਾਫ਼ ਇੱਕ ਵੀ ਸ਼ਬਦ ਸੁਣਦੇ ਤੱਕ ਨਈਂ, ਪਰ ਦੇਖੋ ਆਹ ਸਾਡੇ ਬਾਬੇ ਦੇ ਖਿਲਾਫ ਲੜਨ ਵਾਲੇ ਸਿੱਖਾਂ ਦੇ ਆਗੂ ਕਿਵੇਂ ਆਪਸ ਵਿੱਚ ਈ ਲੜੀ ਜਾਂਦੇ ਨੇ।" ਬਿੱਕਰ ਵੱਲੋਂ ਕਹੀ ਇਸ ਗੱਲ 'ਤੇ ਬਾਬਾ ਲਾਭ ਸਿੰਘ ਨੇ ਟਿੱਪਣੀ ਕੀਤੀ, ''ਭਾਈ! ਸੱਚੀ ਗੱਲ ਐ, ਅਗਲੇ ਤਾਂ ਸਿੱਖਾਂ ਦੇ ਧਾਰਮਿਕ ਆਗੂਆਂ ਨੂੰ ਇਉਂ ਲੜਦਿਆਂ ਨੂੰ ਦੇਖਕੇ ਲੱਡੂ ਵੰਡਦੇ ਈ ਰਹਿਣਗੇ, ਇਹਦੇ ਬਾਰੇ ਤਾਂ ਹੁਣ ਇਹ ਸਾਡੇ ਇਹਨਾਂ ਮਹਾਂਪੁਰਸ਼ਾਂ ਨੂੰ ਈ ਸਮਝਣਾ ਚਾਹੀਦੈ, ਬਈ ਜਿਹੜੀ ਸਿੱਖੀ ਦਾ ਉਹ ਪ੍ਰਚਾਰ ਕਰਦੇ ਨੇ, ਉਸ ਸਿੱਖੀ ਦੇ ਬਾਨੀ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹੈ ਬਈ 'ਨਿਵੈ ਸੋ ਗਾਉਰਾ ਹੋਇ' ਤੇ ਗੁਰਬਾਣੀ ਕਹਿੰਦੀ ਐ ਬਈ ਹਾਊਮੈ ਨਾਲੋਂ ਵੱਡਾ ਹੋਰ ਕੋਈ ਵੀ ਰੋਗ ਨਈਂ, ਪਰ ਭਾਈ! ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸਾਡੇ ਇਹ ਮਹਾਂਪੁਰਸ਼ ਲੱਗਦੈ ਗੁਰਬਾਣੀ ਦੇ ਇਹ ਸ਼ਬਦ ਸੁਣਾ ਸੁਣਾ ਕੇ ਸੰਗਤਾਂ ਨੂੰ ਤਾਂ ਰੋਜ਼ ਉਪਦੇਸ਼ ਕਰਦੇ ਨੇ, ਪਰ ਆਪ ਗੁਰੂ ਸਾਹਿਬਾਨ ਵੱਲੋਂ ਦਿੱਤੇ ਨਿਮਰਤਾ ਵਾਲੇ ਉਪਦੇਸ਼ ਨੂੰ ਭੁੱਲਕੇ ਹਾਊਮੈ ਦਾ ਸ਼ਿਕਾਰ ਹੋਏ ਬੈਠੇ ਨੇ।" ਇਹ ਬੋਲਦੇ ਬੋਲਦੇ ਬਾਬਾ ਲਾਭ ਸਿੰਘ ਦਾ ਗਲ ਭਰ ਆਇਆ ਅਤੇ ਉਸ ਤੋਂ ਅੱਗੇ ਕੁਝ ਵੀ ਨਾ ਬੋਲਿਆ ਗਿਆ।

- ਘੁਣਤਰੀ

Joomla Templates and Joomla Extensions by ZooTemplate.Com

ਪੱਗ ਵਾਲਾ ਸ਼ਹੀਦ ਭਗਤ ਸਿੰਘ ਤਾਂ ਸਰਕਾਰ ਨੂੰ ਪਸੰਦ ਈ ਨਈਂ

alt''ਵਧਾਈਆਂ ਹੋਣ ਕਾਮਰੇਡਾ! ਆਖਰ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਵਾਲੇ ਠੋਲੂ (ਸਿੱਕੇ) ਚਲਾ ਈ ਦਿੱਤੇ।" ਬਿੱਕਰ ਨੇ ਦੂਰੋਂ ਹੀ ਸ਼ਿੰਦੇ ਨੂੰ ਵਧਾਈ ਦਿੱਤੀ। ''ਅਮਲੀਆ! ਚਲੋ ਚੰਗਾ ਈ ਹੋਇਐ, ਜਿਵੇਂ ਕਹਿੰਦੇ ਹੁੰਦੇ ਨੇ ਬਈ ਦੇਰ ਆਏ ਪਰ ਦਰੁਸਤ ਆਏ।" ਸ਼ਿੰਦੇ ਨੇ ਬਿੱਕਰ ਨੂੰ ਤਖਤਪੋਸ਼ 'ਤੇ ਬੈਠਣ ਦਾ ਇਸ਼ਾਰਾ ਕੀਤਾ। ''ਪਰ ਭਾਈ! ਜਿਵੇਂ ਪੰਜਾਬੀ ਦੀ ਕਹਾਵਤ ਐ, ਬਈ ਬੱਕਰੀ ਦੁੱਧ ਤਾਂ ਦੇ ਦਿੰਦੀ ਐ, ਪਰ ਦਿੰਦੀ ਮੀਂਗਣਾ ਘੋਲ ਕੇ ਐ, ਉਹੋ ਜਿਹੀ ਹਾਲਤ ਸਾਡੀ ਸਰਕਾਰ ਦੀ ਐ, ਹੁਣ ਆਖਰ ਸ਼ਹੀਦ ਭਗਤ ਸਿੰਘ ਦੀ ਫੋਟੋ ਜੇ ਲਾਈ ਵੀ ਐ ਤਾਂ ਉਹ ਵੀ ਸਿਰਫ ਪੰਜ ਰੁਪਈਆਂ ਦੇ ਠੋਲੂ (ਸਿੱਕੇ) 'ਤੇ, ਹੋਰ ਤਾਂ ਹੋਰ ਫੋਟੋ ਵੀ ਟੋਪੀ ਵਾਲੇ ਭਗਤ ਸਿੰਘ ਦੀ ਲਾਈ ਐ।" ਬਾਬਾ ਲਾਭ ਸਿੰਘ ਨੂੰ ਟੋਕਦਿਆਂ ਬਿੱਕਰ ਬੋਲਿਆ ''ਓ ਬਾਬਾ ਜੀ! ਤੁਸੀਂ ਭੋਲੀਆਂ ਗੱਲਾਂ ਕਰਦੇ ਓ, ਪੱਗ ਵਾਲਾ ਸ਼ਹੀਦ ਭਗਤ ਸਿੰਘ ਤਾਂ ਸਰਕਾਰ ਨੂੰ ਵੀ ਪਸੰਦ ਨਈਂ, ਏਸੇ ਕਰਕੇ ਈ ਟੋਪੀ ਵਾਲਾ ਭਗਤ ਸਿੰਘ ਠੋਲੂ 'ਤੇ ਛਾਪਿਆ ਗਿਐ।" ਬਿੱਕਰ ਦੀ ਇਸ ਗੱਲ 'ਤੇ ਕੁਝ ਸੋਚਣ ਤੋਂ ਬਾਅਦ ਬਾਬਾ ਲਾਭ ਸਿੰਘ ਬੋਲਿਆ, ''ਪੁੱਤਰੋ! ਸ਼ਹੀਦ ਭਗਤ ਸਿੰਘ ਬਾਰੇ ਵੀ ਬਹੁਤਾ ਸਾਰਾ ਇਹੋ ਜਿਹਾ ਕੁਛ ਐ ਜੋ ਅਸਲ 'ਚ ਹੈ ਕੁਛ ਹੋਰ ਸੀ ਤੇ ਬਾਹਰ ਕੁਛ ਹੋਰ ਪ੍ਰਚਾਰਿਆ ਜਾ ਰਿਹੈ, ਕਦੇ ਆਰੀਆ ਸਮਾਜੀ, ਕਦੇ ਨਾਸਤਿਕ ਅਤੇ ਕਈ ਹੋਰ ਦਾਇਰਿਆਂ 'ਚ ਸ਼ਹੀਦ ਭਗਤ ਸਿੰਘ ਨੂੰ ਕੈਦ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ, ਸ਼ਹੀਦ ਭਗਤ ਸਿੰਘ ਦੀ ਸਰਦਾਰੀ ਵਾਲੀ ਦਿੱਖ ਨਾਲ ਪਤਾ ਨਈਂ ਕੁਛ ਲੋਕਾਂ ਨੂੰ ਕੀ ਚਿੜ ਐ?" ਬਾਬਾ ਲਾਭ ਸਿੰਘ ਦੀ ਇਸ ਗੱਲ 'ਤੇ ਸ਼ਿੰਦੇ ਨੇ ਟਿੱਪਣੀ ਕੀਤੀ ''ਬਾਬਾ ਜੀ! ਅਸਲ ਗੱਲ ਤਾਂ ਇਹ ਐ ਬਈ ਸ਼ਹੀਦ ਭਗਤ ਸਿੰਘ ਦੀ ਵਿਧਾਰਧਾਰਾ ਨਾਲ ਭਾਵੇਂ ਕਿਸੇ ਦੀ ਵੀ ਸਹਿਮਤੀ ਹੋਵੇ ਤੇ ਭਾਵੇ ਨਾ, ਪਰ ਸ਼ਹੀਦ ਭਗਤ ਸਿੰਘ ਨੂੰ ਵੇਚਣਾ ਹਰ ਕੋਈ ਚਾਹੁੰਦੈ, ਕਾਮਰੇਡਾ, ਕਾਂਗਰਸੀਆਂ, ਅਕਾਲੀਆਂ ਸਮੇਤ ਮਾਨ ਸਾਹਬ ਤੇ ਮਨਪ੍ਰੀਤ ਬਾਦਲ ਹੋਰਾਂ ਨੇ ਸ਼ਹੀਦ ਭਗਤ ਸਿੰਘ ਤੇ ਆਪੋ ਆਪਣੇ ਹਿਸਾਬ ਨਾਲ ਰਾਜਨੀਤੀ ਕੀਤੀ ਐ ਤੇ ਦੂਜੇ ਪਾਸੇ ਆਹ ਤਸਵੀਰਾਂ ਵੇਖ ਲਓ ਜੋ ਸ਼ਹੀਦ ਭਗਤ ਸਿੰਘ ਦੀਆਂ ਅੱਜਕਲ੍ਹ ਦੇ ਨੌਜਵਾਨ ਮੋਟਰ ਸਾਇਕਲਾਂ 'ਤੇ ਲਾਈ ਫਿਰਦੇ ਨੇ, ਕਿਸੇ 'ਚ ਮੁੱਛਾਂ ਨੂੰ ਮਰੋੜੇ ਦਿੰਦੀ ਫੋਟੋ ਥੱਲੇ ਮਿੱਤਰਾਂ ਦੀ ਮੁੱਛ ਦਾ ਸਵਾਲ ਐ ਲਿਖੀ ਫਿਰਦੇ ਨੇ ਤੇ ਕਿਤੇ ਤਖਤਿਆਂ (ਦਰਵਾਜੇ) ਦੇ ਮੂਹਰੇ ਸ਼ਹੀਦ ਭਗਤ ਸਿੰਘ ਪਿਸਤੌਲ ਲਈ ਐਂ ਖੜਾ੍ਹ ਦੇਖਾਇਆ ਜਾਂਦਾ ਜਿਵੇਂ ਉਹਦੇ ਹਰ ਵੇਲੇ ਸਿਰ 'ਤੇ ਖੂਨ ਈ ਸਵਾਰ ਹੋਵੇ।" ਸ਼ਿੰਦੇ ਦੀ ਇਸ ਗੱਲ ਨੇ ਸਾਰੇ ਸੋਚੀਂ ਪਾ ਦਿੱਤੇ।

- ਘੁਣਤਰੀ

Joomla Templates and Joomla Extensions by ZooTemplate.Com