Saturday, May 19th

Last update11:08:48 PM GMT

ਨੀਲੀਆਂ-ਪੀਲੀਆਂ ਬੱਸਾਂ ਤੇ ਵੱਡੇ-ਵੱਡੇ ਹੋਟਲਾਂ 'ਤੇ ਬਾਦਲ ਸਾਬ੍ਹ ਨੇ ਕਿਹੜੇ ਰੰਗ ਦਾ ਧਨ ਖਰਚਿਐ!

''ਆਜਾ-ਆਜਾ ਚਾਚਾ ਸਿੰਹਾਂ! ਸੁਣਾਵਾਂ ਤੈਨੂੰ ਇਕ ਤੱਤੀ ਜੀ ਖ਼ਬਰ।" ਬੁੱਢੇ ਕੇ ਪਰਮੀ ਨੇ ਬਿੱਕਰ ਨੂੰ ਆਵਾਜ਼ ਮਾਰ ਕੇ ਤਖਤਪੋਸ਼ 'ਤੇ ਬੈਠਣ ਦਾ ਇਸ਼ਾਰਾ ਕੀਤਾ। ''ਓ! ਭਤੀਜ ਇਹੋ ਜੀ ਕੇਹੜੀ ਖ਼ਬਰ ਐ, ਜੇਹੜੀ ਤੈਨੂੰ ਬਹੁਤੀ ਈ ਤੱਤੀ ਲੱਗੀ ਜਾਂਦੀ ਐ?" ਬਿੱਕਰ ਜੁੱਤੀ ਲਾਹ ਕੇ ਤਖਤਪੋਸ਼ 'ਤੇ ਠੀਕ ਹੋ ਕੇ ਬੈਠ ਗਿਆ। ''ਆਹ ਦੇਖ ਅੱਜ ਵੱਡੇ ਬਾਦਲ ਸਾਬ੍ਹ ਨੇ ਕਿਹੈ, ਬਈ ਭ੍ਰਿਸ਼ਟਾਚਾਰ ਰਾਹੀਂ ਧਨ ਇਕੱਠਾ ਕਰਨ ਵਾਲੇ ਲੀਡਰਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ।" ਪਰਮੀ ਦੀ ਗੱਲ ਸੁਣ ਕੇ ਬਿੱਕਰ ਬੁੜਕ ਕੇ ਬੋਲਿਆ ''ਮਰੋ ਥੋਡੀ------ਇਹ ਸਾਰਾ ਕੁਛ ਵੱਡੇ ਬਾਦਲ ਨੇ ਕਿਹੈ? ਓ ਪਰਮੀ ਚੰਗੀ ਤਰ੍ਹਾਂ ਪੜ ਲੈ ਦੁਬਾਰੇ, ਇਹ ਸੱਚੀਂ ਵੱਡੇ ਬਾਦਲ ਸਾਬ੍ਹ ਨੇ ਕਿਹੈ?" ਬਿੱਕਰ ਦੀ ਬੇਚੈਨੀ ਦੇਖ ਕੇ ਸ਼ਿੰਦਾ ਬੋਲਿਆ, ''ਓ ਅਮਲੀਆ! ਤੈਨੂੰ ਕਿਉਂ ਲੱਗਦੈ ਬਈ ਵੱਡੇ ਬਾਦਲ ਨੇ ਨਈਂ ਕਿਹਾ ਹੋਣਾ ਇਹ ਕੁਛ?" ਸ਼ਿੰਦੇ ਦੇ ਸਵਾਲ ਦਾ ਜਵਾਬ ਦਿੰਦਿਆਂ ਬਿੱਕਰ ਨੇ ਤਪਾਕ ਦੇਣੇ ਕਿਹਾ, ''ਕਾਮਰੇਡਾ! ਆਹ ਪੰਜਾਬ 'ਚ ਫਿਰਦੀਆਂ ਨੀਲੀਆਂ-ਪੀਲੀਆਂ, ਜਹਾਜ ਜਿੱਡੀਆਂ-ਜਿੱਡੀਆਂ ਬੱਸਾਂ ਯਾਰ ਨਰਮਾ ਵੇਚਕੇ ਤਾਂ ਖ੍ਰੀਦੀਆਂ ਨਈਂ ਜਾ ਸਕਦੀਆਂ, ਨਾਲੇ ਕਹਿੰਦੇ ਜੇਹੜੇ ਗੁੜਗਾਉਂ ਨੇੜ੍ਹੇ ਏਡੇ ਵੱਡੇ-ਵੱਡੇ ਹੋਟਲ ਨੇ, ਉਹ ਵੀਹ-ਪੰਜਾਹ ਕਿੱਲਿਆਂ ਦੀ ਫਸਲ ਦੀ ਆਮਦਨ ਨਾ ਤਾਂ ਨਈਂ ਉੱਸਰ ਸਕਦੈ, ਮੈਂ ਤਾਂ, ਤਾਂਹੀ ਕਿਹਾ ਸੀ ਬਈ ਖ਼ਬਰਾਂ ਨੂੰ ਚੰਗੀ ਤਰ੍ਹਾਂ ਪੜ ਲੈ, ਏਹ ਸਾਰਾ ਕੁਛ ਵੱਡੇ ਬਾਦਲ ਨੇ ਕਿਹਾ ਵੀ ਐ ਜਾਂ ਨਈਂ?" ਬਿੱਕਰ ਅਜੇ ਵੀ ਦੁਚਿੱਤੀ 'ਚ ਲੱਗਦਾ ਸੀ। ''ਨਾ ਅਮਲੀਆ! ਤੈਨੂੰ ਬਾਦਲਕਿਆਂ ਦੀਆਂ ਬੱਸਾਂ ਤੇ ਹੋਟਲਾਂ ਬਾਰੇ ਸ਼ੱਕ ਐ, ਬਈ ਕਮਾਈ ਨਾਲ ਨਈਂ, ਸਗੋਂ ਉਤਲੀ ਕਮਾਈ ਨਾਲ ਬਣਾਇਐ ਉਹਨਾਂ ਨੇ ਇਹ ਸਾਰਾ ਕੁਛ?" ਸ਼ਿੰਦੇ ਨੇ ਸਵਾਲ ਕੀਤਾ। ''ਕਾਮਰੇਡਾ! ਮੈਂ ਇਹ ਤਾਂ ਕਦੋਂ ਕਿਹੈ, ਬਈ ਇਹ ਸਾਰਾ ਕੁਛ ਉਤਲੀ ਕਮਾਈ ਨਾਲ ਬਣਾਇਐ, ਪਰ ਮੈਂ ਤਾਂ ਇਹੀ ਕਹਿਨੈ, ਬਈ ਖੇਤੀ-ਪੱਤੀ ਦੀ ਕਮਾਈ ਨਾਲ ਤਾਂ ਅੱਜਕਲ੍ਹ ਘਰ ਪੂਰਾ ਈ ਮਸਾਂ ਹੁੰਦੈ, ਮੈਂ ਤਾਂ ਸੋਚਦਾ ਸੀ ਬਈ ਜੇ ਬਾਦਲ ਸਾਬ੍ਹ ਕਾਲੇ ਧਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੇ ਨੇ ਤਾਂ ਆਹ ਨੀਲੀਆਂ-ਪੀਲੀਆਂ ਬੱਸਾਂ ਤੇ ਵੱਡੇ-ਵੱਡੇ ਹੋਟਲਾਂ 'ਤੇ ਬਾਦਲ ਸਾਬ੍ਹ ਨੇ ਕਿਹੜੇ ਰੰਗ ਦਾ ਧਨ ਖਰਚਿਐ?" ਬਿੱਕਰ ਦੀ ਗੱਲ ਨੇ ਸੱਥ ਵਿਚ ਹਾਸਾ ਫੈਲਾ ਦਿੱਤਾ। ''ਭਾਈ! ਦੂਜਿਆਂ ਬਾਰੇ ਕੁਛ ਕਹਿਣ ਤੋਂ ਪਹਿਲਾਂ ਬਾਦਲ ਸਾਬ੍ਹ ਸਮੇਤ ਸਾਰੇ ਈ ਆਗੂ ਆਪੋ-ਆਪਣੀ ਪੀੜ੍ਹੀ ਹੇਠ ਸੋਟਾ ਫੇਰਨ, ਹੁਣ ਹਰ ਚੋਣ 'ਤੇ ਪਾਣੀ ਵਾਂਗੂ ਪੈਸਾ ਵਹਾਉਣ ਵਾਲੇ ਆਗੂ ਭਲਾ ਕਾਲੇ ਤੇ ਚਿੱਟੇ ਧਨ ਬਾਰੇ ਕੀ ਕਹਿਣ ਜੋਗੇ ਨੇ, ਹੁਣ ਪੁੱਤਰੋ! ਜੇ ਚਿੱਟੇ ਧਨ ਦੀ ਗੱਲ ਕਰੀਏ ਤਾਂ ਕੋਈ ਵੀ ਪਾਰਟੀ, ਚੋਣਾਂ ਸਮੇਂ ਚਿੱਟੇ ਧਨ ਨਾਲ ਤਾਂ ਕੱਲੀਆਂ ਝੰਡੀਆਂ ਵੀ ਨਈਂ ਖ਼ਰੀਦ ਸਕਦੀ, ਕਰੋੜ-ਕਰੋੜ ਰੁਪਈਆ ਖਰਚ ਕੇ ਐਮ ਐਲ ਏ ਬਨਾਉਣ ਵਾਲੀਆਂ ਪਾਰਟੀਆਂ ਚਿੱਟੇ ਤੇ ਕਾਲੇ ਧਨ ਦਾ ਨਿਖੇੜਾ ਕਿਵੇਂ ਕਰਨਗੀਆਂ?" ਸਾਰੇ ਬਾਬਾ ਲਾਭ ਸਿੰਘ ਦੇ ਚਿਹਰੇ ਵੱਲ ਤੱਕਣ ਲੱਗੇ।

- ਘੁਣਤਰੀ

Joomla Templates and Joomla Extensions by ZooTemplate.Com